ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਆਮਦ ਮੌਕੇ ਰਾਹ ‘ਚ ਹੀ ਕਾਫ਼ਲਾ ਰੋਕਣ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਵਲੋਂ ਸਖ਼ਤੀ ਦਾ ਰੁੱਖ ਅਪਣਾਉਂਦੇ ਹੋਏ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਕੀਤੀ ਹੈ। ਦੱਸਣਯੋਗ ਹੈ ਕਿ ਵੀ ਆਈ.ਪੀ ਸਕਿਉਰਟੀ ਦਾ ਰਾਸਤਾ ਰੋਕਣ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਰੋਜ਼ਪੁਰ ਵਿਖੇ ਰੱਖੀ ਹੋਈ ਰੈਲੀ ਵਿਚ ਪਹੁੰਚ ਨਹੀਂ ਸਕੇ ਸਨ ਅਤੇ ਉਨ੍ਹਾਂ ਨੂੰ ਰਾਹ ਵਿਚੋ ਹੀ ਵਾਪਸ ਮੁੜਨਾ ਪਿਆ ਸੀ।
ਮਿਲੀ ਜਾਣਕਾਰੀ ਅਨੁਸਾਰ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਰੋਜ਼ਪੁਰ ਵਿਖੇ ਰੈਲੀ ਨੂੰ ਸੰਬੋਧਤ ਕਰਨ ਜਾ ਰਹੇ ਸਨ ਕਿ ਕੁੱਝ ਅਣਪਛਾਤਿਆਂ ਵਲੋਂ ਪਿੰਡ ਪਿਆਰੇਆਣਾ ਨੇੜੇ ਮੁੱਖ ਸੜਕ ਨੂੰ ਧਰਨਾ ਦੇ ਕੇ ਜਾਮ ਕੀਤਾ ਗਿਆ ਸੀ। ਜਿਸ ਸਬੰਧੀ 6 ਜਨਵਰੀ 2022 ਨੂੰ ਐਸ.ਆਈ ਬੀਰਬਲ ਸਿੰਘ ਦੇ ਬਿਆਨਾਂ ’ਤੇ ਅਣਪਛਾਤਿਆਂ ਵਿਰੁਧ ਥਾਣਾ ਕੁੱਲਗੜ੍ਹੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਆਈਪੀਸੀ ਧਾਰਾ 283 ਤਹਿਤ ਦਰਜ ਕੀਤਾ ਗਿਆ ਸੀ ਜੋ ਕਿ ਜ਼ਮਾਨਤ ਯੋਗ ਜੁਰਮ ਸੀ।
ਸਿਆਸੀ ਮੰਚ ’ਤੇ ਇਸ ਦਾ ਕਾਫ਼ੀ ਹੰਗਾਮਾ ਪੈਦਾ ਹੋਣ ਉਪਰੰਤ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਜਿਸ ਵਲੋਂ 20 ਦਸੰਬਰ 2022 ਨੂੰ ਇਸ ਮਾਮਲੇ ਵਿਚ ਜੁਰਮ ਦਾ ਵਾਧਾ ਕਰਦੇ ਹੋਏ ਧਾਰਾ 307, 353 341, 186, 149 ਅਤੇ 8 ਬੀ ਨੈਸ਼ਨਲ ਹਾਈਵੇ ਐਕਟ ਲਗਾ ਦਿਤਾ ਗਿਆ। ਇਸ ਸਬੰਧੀ ਅਦਾਲਤ ਅੰਦਰ ਅੱਜ ਪੁਲਿਸ ਵਲੋਂ ਰਿਕਾਰਡ ਪੇਸ਼ ਕਰਦੇ ਹੋਏ ਦੱਸਿਆ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰੋਕਣਾ ਇਕ ਬਹੁਤ ਵੱਡਾ ਗੰਭੀਰ ਮਾਮਲਾ ਹੈ। ਇਕ ਘੰਟੇ ਤੋਂ ਵੱਧ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀ ਸਕਿਉਰਟੀ ਨੂੰ ਰੋਕਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।