ਨਵੀਂ ਦਿੱਲੀ : ਖੇਤੀ ਵਿਚ ਯੂਰੀਏ ਤੋਂ ਬਾਅਦ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੀ ਖਾਦ ਡੀਏਪੀ ਦਾ ਮੁੱਲ ਅਗਲੇ ਮਹੀਨੇ ਵੱਧ ਸਕਦਾ ਹੈ। ਕਿਸਾਨਾਂ ਨੂੰ ਹਾਲੇ 50 ਕਿਲੋ ਦੀ ਬੋਰੀ 1,350 ਰੁਪਏ ਵਿਚ ਮਿਲ ਰਹੀ ਹੈ। ਇਸ ਵਿਚ ਦੋ ਸੌ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਸਸਤੇ ਮੁੱਲ ’ਤੇ ਡੀਏਪੀ ਉਪਲਬਧ ਕਰਵਾਉਣ ਲਈ 3,500 ਰੁਪਏ ਪ੍ਰਤੀ ਟਨ ਦੀ ਦਰ ਨਾਲ ਵਿਸ਼ੇਸ਼ ਸਬਸਿਡੀ ਦਿੰਦੀ ਹੈ, ਜਿਸਦੀ ਮਿਆਦ 31 ਦਸੰਬਰ ਨੂੰ ਖ਼ਤਮ ਹੋ ਰਹੀ ਹੈ। ਹਾਲ ਦੇ ਦਿਨਾਂ ਵਿਚ ਡੀਏਪੀ ਬਣਾਉਣ ਵਿਚ ਇਸਤੇਮਾਲ ਹੋਣ ਵਾਲੇ ਫਾਸਫੋਰਿਕ ਐਸਿਡ ਅਤੇ ਅਮੋਨੀਆ ਦੇ ਮੁੱਲ ਵਿਚ 70 ਫ਼ੀਸਦੀ ਤੱਕ ਦੇ ਵਾਧੇ ਦਾ ਅਸਰ ਖਾਦ ਦੀਆਂ ਕੀਮਤਾਂ ’ਤੇ ਦੇਖਿਆ ਜਾ ਰਿਹਾ ਹੈ।
ਫਾਸਫੇਟ ਤੇ ਪੋਟਾਸ਼ ਯੁਕਤ (ਪੀਐਂਡਕੇ) ਖਾਦਾਂ ਲਈ ਕੇਂਦਰ ਸਰਕਾਰ ਨੇ ਅਪ੍ਰੈਲ 2010 ਤੋਂ ਪੋਸ਼ਕ ਤੱਤ ਅਧਾਰਤ ਸਬਸਿਡੀ (ਐੱਨਬੀਐੱਸ) ਯੋਜਨਾ ਚਲਾ ਰੱਖੀ ਹੈ। ਇਸ ਤਹਿਤ ਸਾਲਾਨਾ ਆਧਾਰ ’ਤੇ ਨਿਰਮਾਤਾ ਕੰਪਨੀਆਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਪੀਐਂਡਕੇ ਖੇਤਰ ਕੰਟਰੋਲ ਮੁਕਤ ਹੈ ਅਤੇ ਐੱਨਬੀਐੱਸ ਯੋਜਨਾ ਤਹਿਤ ਕੰਪਨੀਆਂ ਬਾਜ਼ਾਰ ਮੁਤਾਬਕ ਖਾਦਾਂ ਦਾ ਉਤਪਾਦਨ ਤੇ ਦਰਾਮਦ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਸਤੇ ਮੁੱਲ ’ਤੇ ਬਿਨਾਂ ਰੁਕਾਵਟ ਡੀਏਪੀ ਉਪਲਬਧ ਕਰਵਾਉਣ ਲਈ ਐੱਨਬੀਐੱਸ ਸਬਸਿਡੀ ਤੋਂ ਇਲਾਵਾ ਡੀਏਪੀ ’ਤੇ ਵਿਸ਼ੇਸ਼ ਫੰਡ ਦਿੱਤਾ ਜਾਂਦਾ ਹੈ, ਜਿਸਦੀ ਮਿਆਦ ਦਾ ਵਿਸਥਾਰ ਜੇਕਰ ਨਹੀਂ ਹੋਇਆ ਤਾਂ ਪਹਿਲੀ ਜਨਵਰੀ ਤੋਂ ਡੀਏਪੀ ਦਾ ਮਹਿੰਗਾ ਹੋਣਾ ਤੈਅ ਹੈ। ਇਸ ਸਾਲ ਸਾਉਣੀ ਦੇ ਮੌਸਮ ਦੌਰਾਨ ਡੀਏਪੀ ’ਤੇ ਪ੍ਰਤੀ ਟਨ ਸਬਸਿਡੀ 21,676 ਰੁਪਏ ਸੀ, ਜਿਸਨੂੰ ਹਾੜੀ (2024-2025) ਦੇ ਮੌਸਮ ਲਈ ਵਧਾ ਕੇ 21,911 ਰੁਪਏ ਰੁਪਏ ਕਰ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।