ਜਗਤਾਰ ਸਿੰਘ ਸਿੱਧੂ;
ਪੰਥਕ ਮੁੱਦਿਆਂ ਉੱਤੇ ਧਾਰਮਿਕ ਧਿਰਾਂ ਵੱਡੇ ਸੰਕਟ ਵਿੱਚ ਉਲਝ ਗਈਆਂ ਹਨ ।ਇਹ ਦਾਅਵਾ ਕਰਨਾ ਤਾਂ ਮੁਸ਼ਕਲ ਹੈ ਕਿ ਪੰਥ ਕਦੇ ਪਹਿਲਾਂ ਐਨੇ ਵੱਡੇ ਸੰਕਟ ਵਿੱਚ ਨਹੀਂ ਉਲਝਿਆ ਪਰ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸੰਕਟ ਕੇਵਲ ਡੂੰਘਾ ਹੀ ਨਹੀਂ ਹੋ ਰਿਹਾ ਸਗੋਂ ਨੇੜ ਭਵਿੱਖ ਵਿੱਚ ਹੱਲ ਵੀ ਨਜ਼ਰ ਨਹੀਂ ਆ ਰਿਹਾ। ਮਿਸਾਲ ਵੱਜੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਦੋਸ਼ਾਂ ਨੂੰ ਲੈ ਕੇ ਸਖ਼ਤ ਨਿਰਾਜਗੀ ਦਾ ਪ੍ਰਗਟਾਵਾ ਕੀਤਾ ਹੈ। ਇਹ ਜਾਣਕਾਰੀ ਧਾਰਮਿਕ ਹਲਕਿਆਂ ਵਿੱਚ ਗਰਮਾਈ ਹੋਈ ਹੈ।
ਇਹ ਕਿਉਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ? ਅੱਜ ਤੜਕਸਾਰ ਪਟਿਆਲਾ ਤੋਂ ਇਕ ਸਿੱਖ ਹਸਤੀ ਦਾ ਫੋਨ ਆਇਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਦਿੱਤਾ ਹੈ ਕਿ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਵਿਰੁਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਹੈ ।ਜੇਕਰ ਕੋਈ ਮਾਮਲਾ ਵਿਚਾਰਨਾ ਹੈ ਤਾਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੀ ਵਿਚਾਰ ਸਕਦਾ ਹੈ ।ਇਸੇ ਤਰ੍ਹਾਂ ਦੋ ਦਸੰਬਰ ਨੂੰ ਲਏ ਫੈਸਲਿਆਂ ਨੂੰ ਮੁਕੰਮਲ ਤੌਰ ਉੱਤੇ ਲਾਗੂ ਕਰਨ ਦਾ ਸਵਾਲ ਹੈ।
ਦੁਪਹਿਰ ਹੁੰਦਿਆਂ ਇਹ ਮਾਮਲਾ ਪੂਰੀ ਤਰ੍ਹਾਂ ਮੀਡੀਆ ਵਿੱਚ ਵੀ ਆ ਗਿਆ, ਪਰ ਇਸ ਸਾਰੇ ਮਾਮਲੇ ਦਾ ਅਹਿਮ ਪਖ ਇਹ ਵੀ ਹੈ ਕਿ ਸਬੰਧਤ ਧਿਰਾਂ ਨੇ ਅਧਿਕਾਰਤ ਤੌਰ ਤੇ ਮੀਡੀਆ ਵਿੱਚ ਆਏ ਪਖ ਦੀ ਪੁਸ਼ਟੀ ਨਹੀਂ ਕੀਤੀ ।ਇਹ ਮਾਮਲਾ ਸੋਸ਼ਲ ਮੀਡੀਆ ਅਤੇ ਧਾਰਮਿਕ ਹਲਕਿਆਂ ਵਿੱਚ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ।
ਜਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਨੇ ਮੀਟਿੰਗ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਦੇ ਰੁਤਬੇ ਤੋਂ ਪੰਦਰਾਂ ਦਿਨ ਲਈ ਪਾਸੇ ਕਰ ਦਿੱਤਾ ਹੈ । ਕਮੇਟੀ ਦਾ ਕਹਿਣਾ ਹੈ ਕਿ ਇਕ ਵਿਅਕਤੀ ਵਲੋਂ ਗਿਆਨੀ ਹਰਪ੍ਰੀਤ ਸਿੰਘ ਉੱਤੇ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਮਾਮਲੇ ਦੀ ਜਾਂਚ ਤਿੰਨ ਮੈਂਬਰੀ ਕਮੇਟੀ ਕਰੇਗੀ ।ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਵਿੱਚ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਸੀ ਉਹ ਪਹਿਲੇ ਜਥੇਦਾਰ ਨਹੀਂ ਹਨ ਜਿਹੜੇ ਕਿ ਜਲੀਲ ਕਰਕੇ ਹਟਾਏ ਗਏ ਹਨ। ਉਨਾਂ ਹੈਰਾਨੀ ਪ੍ਰਗਟ ਕੀਤੀ ਕਿ ਜਿਹੜੀ ਧਿਰ ਨੇ ਦੋਸ਼ ਲਾਏ ਸਨ ਉਸ ਹੀ ਧਿਰ ਦੇ ਮੈਂਬਰ ਜਾਂਚ ਕਮੇਟੀ ਵਿੱਚ ਹਨ। ਜਾਂਚ ਕਿਵੇਂ ਹੋਏਗੀ? ਗਿਆਨੀ ਹਰਪ੍ਰੀਤ ਸਿੰਘ ਦੇ ਇਸ ਸਥਿਤੀ ਵਿੱਚ ਵਾਪਸ ਆਉਣ ਦੀ ਸੰਭਾਵਨਾ ਨਹੀਂ ਪਰ ਉਨਾਂ ਨੇ ਦੋ ਦਸੰਬਰ ਨੂੰ ਲਏ ਸਿੰਘ ਸਾਹਿਬਾਨ ਦੇ ਫੈਸਲਿਆਂ ਵਿੱਚ ਤਬਦੀਲੀ ਵਿਰੁੱਧ ਵੀ ਟਿੱਪਣੀ ਕੀਤੀ ਹੈ।
ਕੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਾਂਚ ਦੇ ਫੈਸਲੇ ਵਿੱਚ ਤਬਦੀਲੀ ਕਰੇਗੀ? ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਢੰਗ ਨਾਲ ਜਾਂਚ ਦੇ ਵਿਰੋਧ ਕਰਨ ਦੇ ਬਾਵਜੂਦ ਜਾਂਚ ਨੂੰ ਜਾਰੀ ਰੱਖਣਾ ਨਵੀਂ ਚੁਣੌਤੀ ਖੜ੍ਹੀ ਕਰ ਸਕਦਾ ਹੈ। ਮਾਮਲਾ ਇਹ ਵੀ ਹੈ ਕਿ ਜੇਕਰ ਜਾਂਚ ਦਾ ਫੈਸਲਾ ਲਾਗੂ ਹੁੰਦਾ ਹੈ ਤਾਂ ਅਕਾਲ ਸਾਹਿਬ ਦੇ ਜਥੇਦਾਰ ਨੂੰ ਪੰਥਕ ਧਿਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਿਸਾਲ ਵਜੋਂ ਦਲ ਖਾਲਸਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਦਾ ਮਾਮਲਾ ਆਪਣੇ ਹੱਥ ਵਿੱਚ ਲੈਣ ਕਿਉਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥੇਦਾਰ ਬਾਰੇ ਜਾਂਚ ਕਰਨ ਦਾ ਅਧਿਕਾਰ ਖੇਤਰ ਹੀ ਨਹੀਂ ਹੈ।
ਸੰਪਰਕਃ 9814002186