ਮੁੰਬਈ: ਮਹਾਰਾਸ਼ਟਰ ਦੇ ਮੁੰਬਈ ਤੱਟ ਨੇੜੇ ਅੱਜ ਇਕ ਕਿਸ਼ਤੀ ਪਲਟਣ ਕਾਰਨ ਉਸ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 75 ਹੋਰ ਵਿਅਕਤੀਆਂ ਨੂੰ ਬਚਾਅ ਲਿਆ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਅਜੇ ਵੀ ਕਈ ਲੋਕ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਸਮੇਂ ਨੀਲਕਮਲ ਨਾਮ ਦੀ ਇਸ ਕਿਸ਼ਤੀ ’ਤੇ 80 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਉਨ੍ਹਾਂ ਦੱਸਿਆ ਕਿ ਕਿਸ਼ਤੀ ਮੁੰਬਈ ਨੇੜੇ ਸਥਿਤ ਸੈਰ-ਸਪਾਟੇ ਵਾਲੀ ਥਾਂ ‘ਐਲੀਫੈਂਟਾ’ ਦੀਪ ਜਾ ਰਹੀ ਸੀ ਤਾਂ ਸ਼ਾਮ ਕਰੀਬ 4 ਵਜੇ ਇਕ ਸਪੀਡ ਬੋਟ ਉਸ ਨਾਲ ਟਕਰਾ ਗਈ। ਘਟਨਾ ਦਾ ਕਥਿਤ ਵੀਡੀਓ ਵੀ ਪ੍ਰਸਾਰਿਤ ਹੋਇਆ ਹੈ।
ਇਕ ਸਥਾਨਕ ਆਗੂ ਨੇ ਦਾਅਵਾ ਕੀਤਾ ਕਿ ਸਪੀਡ ਬੋਟ ਜਲ ਸੈਨਾ ਦੀ ਸੀ, ਪਰ ਜਲ ਸੈਨਾ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਲ ਸੈਨਾ ਤੇ ਤੱਟ ਰੱਖਿਅਕ ਬਲ ਨੇ ਘਟਨਾ ਸਥਾਨ ’ਤੇ ਵੱਡੀ ਪੱਧਰ ’ਤੇ ਰਾਹਤ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਚਾਅ ਮੁਹਿੰਮ ਵਿੱਚ ਜਲ ਸੈਨਾ ਦੀਆਂ 11 ਕਿਸ਼ਤੀਆਂ, ਸਮੁੰਦਰੀ ਪੁਲੀਸ ਦੀਆਂ ਤਿੰਨ ਕਿਸ਼ਤੀਆਂ ਅਤੇ ਤੱਟ ਰੱਖਿਅਕ ਬਲ ਦੀ ਇਕ ਕਿਸ਼ਤੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਤੇ ਬਚਾਅ ਮੁਹਿੰਮ ਲਈ ਚਾਰ ਹੈਲੀਕਾਪਟਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ, ਜਵਾਹਰ ਲਾਲ ਨਹਿਰੂ ਬੰਦਰਗਾਹ ਅਥਾਰਿਟੀ ਦੇ ਕਰਮਚਾਰੀ ਅਤੇ ਇਲਾਕੇ ਦੇ ਮਛੇਰੇ ਰਾਹਤ ਤੇ ਬਚਾਅ ਕਾਰਜ ਵਿੱਚ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।