ਧਾਮੀ ਅਤੇ ਬੀਬੀ ਜਗੀਰ ਕੌਰ ਦੇ ਮੁੱਦੇ ਦਾ ਕੀ ਬਣੇਗਾ?

Global Team
4 Min Read

ਜਗਤਾਰ ਸਿੰਘ ਸਿੱਧੂ;

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਚਕਾਰ ਅਪਸ਼ਬਦ ਬੋਲਣ ਨੂੰ ਲੈ ਕੇ ਖੜਾ ਹੋਇਆ ਵਿਵਾਦ ਨਿਪਟਦਾ ਨਜ਼ਰ ਨਹੀਂ ਆ ਰਿਹਾ ਹੈ ਸਗੋਂ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ। ਬੀਬੀ ਜਗੀਰ ਕੌਰ ਭਲਕੇ ਮਹਿਲਾ ਕਮਿਸ਼ਨ ਅੱਗੇ ਇਸ ਸਾਰੀ ਸਥਿਤੀ ਬਾਰੇ ਆਪਣਾ ਪੱਖ ਰੱਖਣ ਜਾ ਰਹੇ ਹਨ। ਮਹਿਲਾ ਕਮਿਸ਼ਨ ਨੇ ਆਪਣੇ ਤੌਰ ਉੱਤੇ ਇਸ ਮਾਮਲੇ ਦਾ ਨੋਟਿਸ ਲਿਆ ਸੀ। ਕਮਿਸ਼ਨ ਵਲੋ ਇਕ ਦਿਨ ਪਹਿਲਾਂ ਮੌਜੂਦਾ ਪ੍ਰਧਾਨ ਧਾਮੀ ਨੂੰ ਨੋਟਿਸ ਦੇਕੇ ਸਥਿਤੀ ਬਾਰੇ ਪੱਖ ਪੇਸ਼ ਕਰਨ ਲਈ ਕਿਹਾ ਸੀ ਅਤੇ ਉਨਾਂ ਨੇ ਨਿੱਜੀ ਤੌਰ ਤੇ ਪੇਸ਼ ਹੋਕੇ ਜਾਣਕਾਰੀ ਦਿੱਤੀ।

ਹੁਣ ਮਾਮਲਾ ਕਿਥੇ ਉਲਝਿਆ ਹੋਇਆ ਹੈ? ਪ੍ਰਧਾਨ ਧਾਮੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਬੋਲਣ ਲਈ ਮਾਫੀ ਮੰਗੀ ਅਤੇ ਲਿਖਤੀ ਤੌਰ ਤੇ ਪੱਤਰ ਦੇਕੇ ਵੀ ਮੁਆਫ਼ੀ ਮੰਗੀ । ਜੇਕਰ ਅਕਾਲ ਤਖ਼ਤ ਸਾਹਿਬ ਦੀ ਗੱਲ ਕਰੀ ਜਾਵੇ ਤਾਂ ਉਨਾਂ ਵੱਲੋਂ ਇਸ ਮਾਮਲੇ ਬਾਰੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ । ਬੀਬੀਆਂ ਦੇ ਇਕ ਜਥੇ ਵਲੋਂ ਅੱਜ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਦੇਕੇ ਮੰਗ ਕੀਤੀ ਗਈ ਹੈ ਕਿ ਧਾਮੀ ਵਿਰੁੱਧ ਅਪਸ਼ਬਦ ਬੋਲਣ ਲਈ ਕਾਰਵਾਈ ਕੀਤੀ ਜਾਵੇ। ਇਹ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਮਾਫੀ ਕਾਫੀ ਨਹੀਂ ਹੈ ।ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਵੱਲੋਂ ਬੋਲੇ ਗਏ ਅਪਸ਼ਬਦਾਂ ਲਈ ਮੁਆਫ਼ੀ ਕਾਫ਼ੀ ਨਹੀਂ ਹੈ। ਅਕਾਲੀ ਸੁਧਾਰ ਲਹਿਰ ਦੇ ਕਈ ਆਗੂਆਂ ਨੇ ਧਾਮੀ ਦੇ ਪ੍ਰਧਾਨਗੀ ਦੇ ਅਸਤੀਫੇ ਦੀ ਮੰਗ ਕੀਤੀ ਹੈ ।ਇਨਾਂ ਆਗੂਆਂ ਵਿੱਚ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ , ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕਈ ਹੋਰ ਸ਼ਾਮਲ ਹਨ।ਬੀਬੀ ਜਗੀਰ ਕੌਰ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖ ਚੁੱਕੇ ਹਨ ਕਿ ਧਾਮੀ ਵੱਲੋਂ ਬੋਲੇ ਅਪਸ਼ਬਦ ਪੂਰੀ ਔਰਤ ਜਾਤੀ ਦਾ ਨਿਰਾਦਰ ਹਨ। ਇਸ ਲਈ ਮਾਫੀ ਨਾਲ ਮਸਲਾ ਹੱਲ ਨਹੀਂ ਹੋਵੇਗਾ। ਹਾਲਾਂਕਿ ਕਿ ਉਨਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕੀ ਕਾਰਵਾਈ ਕਰਨਗੇ । ਉਨਾਂ ਨੇ ਇਹ ਜਰੂਰ ਕਿਹਾ ਹੈ ਕਿ ਉਹ ਉਡੀਕ ਰਹੇ ਹਨ ਕਿ ਸਿੰਘ ਸਾਹਿਬਾਨ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਨਗੇ?

ਮਹਿਲਾ ਕਮਿਸ਼ਨ ਦਾ ਮਾਮਲਾ ਵੀ ਧਾਮੀ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਭਲਕੇ ਬੀਬੀ ਜਗੀਰ ਕੌਰ ਦੀ ਮਹਿਲਾ ਕਮਿਸ਼ਨ ਨਾਲ ਮੀਟਿੰਗ ਬਹੁਤ ਅਹਿਮੀਅਤ ਰੱਖਦੀ ਹੈ। ਮਹਿਲਾ ਕਮਿਸ਼ਨ ਦੀ ਚੇਅਰਪ੍ਰਸਨ ਪਹਿਲਾਂ ਹੀ ਇਹ ਆਖ ਚੁੱਕੇ ਹਨ ਕਿ ਉਹ ਬੀਬੀ ਜਗੀਰ ਕੌਰ ਦਾ ਪੱਖ ਸੁਣ ਕੇ ਅਗਲੀ ਕਾਰਵਾਈ ਕਰਨਗੇ । ਇਹ ਤਾਂ ਸਾਫ ਹੋ ਗਿਆ ਹੈ ਕਿ ਧਾਮੀ ਦੀ ਮਾਫ਼ੀ ਨੂੰ ਬੀਬੀ ਜਗੀਰ ਕੌਰ ਨੇ ਸਹਿਮਤੀ ਨਹੀਂ ਦਿਤੀ ਹੈ। ਇਹ ਵੀ ਦੇਖਣਾ ਹੋਵੇਗਾ ਕਿ ਉਹ ਸਿੰਘ ਸਾਹਿਬ ਕੋਲੋਂ ਇਸ ਮਾਮਲੇ ਵਿੱਚ ਨਿਆਂ ਦੀ ਗੱਲ ਕਰਦੇ ਹਨ ਜਾਂ ਮਹਿਲਾ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕਰਨਗੇ।

ਕੀ ਇਹ ਮਾਮਲਾ ਸਿੰਘ ਸਾਹਿਬਾਨ ਵਲੋ ਤਾਜ਼ੀ ਕਰਵਾਈ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਨੂੰ ਵੀ ਪ੍ਰਭਾਵਿਤ ਕਰੇਗਾ? ਲਾਜਮੀ ਤੌਰ ਤੇ ਇਹ ਮੁੱਦਾ ਪ੍ਰਭਾਵਿਤ ਕਰ ਸਕਦਾ ਹੈ। ਜਥੇਦਾਰ ਧਾਮੀ ਸਿੰਘ ਸਾਹਿਬਾਨ ਵਲੋਂ ਬਣਾਈ ਸਾਂਝੀ ਕਮੇਟੀ ਦੇ ਸੀਨੀਅਰ ਮੈਂਬਰ ਹਨ ਅਤੇ ਇਸ ਕਮੇਟੀ ਨੇ ਅੱਗੇ ਜਾਕੇ ਅਕਾਲੀ ਦਲ ਦੀ ਮੈਂਬਰਸ਼ਿਪ ਆਪਣੀ ਨਿਗਰਾਨੀ ਹੇਠ ਕਰਵਾਉਣੀ ਹੈ ਅਤੇ ਫਿਰ ਪ੍ਰਧਾਨਗੀ ਦਾ ਮਾਮਲਾ ਹੈ। ਕੀ ਇਸ ਸਥਿਤੀ ਵਿੱਚ ਇਹ ਕਮੇਟੀ ਤਾਲਮੇਲ ਨਾਲ ਕੰਮ ਚਲਾ ਸਕੇਗੀ?

ਸੰਪਰਕ 9814002186

Share This Article
Leave a Comment