ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਪਹਿਲ ਕਰੇ

Global Team
3 Min Read

ਜਗਤਾਰ ਸਿੰਘ ਸਿੱਧੂ;

ਅੱਜ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਜਦੋਂ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡ ਕੇ ਭਾਰੀ ਰੋਕਾਂ ਦੇ ਨਾਲ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਿਆ। ਕਿਸਾਨਾਂ ਨੇ ਲਗਾਤਾਰ ਇਹ ਭਰੋਸਾ ਦਿੱਤਾ ਹੈ ਕਿ ਉਹ ਪੁਰਅਮਨ ਢੰਗ ਨਾਲ ਦਿੱਲੀ ਜਾਣਗੇ ਪਰ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਕਿਸਾਨਾਂ ਦੀ ਇੱਕ ਨਹੀਂ ਸੁਣੀ ਅਤੇ ਨਾ ਹੀ ਮਾਮਲੇ ਦੇ ਹੱਲ ਲਈ ਕੋਈ ਗੱਲਬਾਤ ਦਾ ਸੁਨੇਹਾ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਦੇ ਪਹਿਲੇ ਜਥੇ ਇਕ ਸੌ ਇਕ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਕਿਸਾਨਾਂ ਨੇ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਦਿੱਲੀ ਜਾਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸੀ। ਕਿਸਾਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਹੀਂ ਜਾਣਗੇ ਸਗੋਂ ਪੈਦਲ ਮਾਰਚ ਕਰਨਗੇ ਪਰ ਹਰਿਆਣਾ ਵਲੋਂ ਵਾਰ ਵਾਰ ਇਹ ਹੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਦਿੱਲੀ ਪੁਲਿਸ ਦੀ ਇਜਾਜਤ ਲਉ ਤਾਂ ਹਰਿਆਣਾ ਆਗਿਆ ਦੇਵੇਗਾ। ਇਸ ਤਰ੍ਹਾਂ ਹਰਿਆਣਾ ਦੀ ਸਖਤੀ ਕਾਰਨ ਬਾਰਡਰ ਉੱਤੇ ਤੈਣਾਅ ਵਾਲਾ ਮਹੌਲ ਬਣ ਗਿਆ ਹੈ।

ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰਦਿਆਂ ਸੜਕ ਉੱਤੇ ਲੱਗੀ ਕੰਡਿਆਲੀ ਤਾਰ ਦਾ ਵੀ ਕਾਫੀ ਹਿੱਸਾ ਪੁੱਟ ਦਿੱਤਾ। ਸੜਕ ਉੱਤੇ ਲੱਗੇ ਨੋਕੀਲੇ ਕਿੱਲ ਵੀ ਪੁੱਟਣ ਦੀ ਕੋਸ਼ਿਸ ਕੀਤੀ । ਕਿਸਾਨਾਂ ਵਿੱਚ ਰੋਸ ਹੈ ਕਿ ਹਰਿਆਣਾ ਸਰਕਾਰ ਕਿਸਾਨਾਂ ਨਾਲ ਵੱਡਾ ਧੱਕਾ ਕਰ ਰਹੀ ਹੈ ਜਦੋਂ ਕਿ ਕਿਸਾਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੁਰਅਮਨ ਅੰਦੋਲਨ ਕਰ ਰਹੇ ਹਨ।ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਪਿਛਲੇ ਕਈ ਦਿਨਾਂ ਤੋਂ ਮੰਗਾਂ ਲਈ ਦਬਾਅ ਬਣਾਉਣ ਵਾਸਤੇ ਮਰਨ ਵਰਤ ਉੱਪਰ ਬੈਠੇ ਹਨ।

ਇਸ ਸਥਿਤੀ ਵਿੱਚ ਹਰਿਆਣਾ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਠਹਿਰ ਠਹਿਰਕੇ ਪੁਲਿਸ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ । ਉਸ ਨਾਲ ਕਈ ਕਿਸਾਨਾਂ ਨੂੰ ਸੱਟਾਂ ਵੀ ਲੱਗੀਆਂ ਅਤੇ ਕਿਸਾਨਾਂ ਨੂੰ ਹੰਝੂ ਗੈਸ ਦੇ ਗੋਲਿਆਂ ਕਾਰਨ ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਸੀ। ਹਾਲਾਂਕਿ ਕਿ ਕਿਸਾਨਾਂ ਨੇ ਹੰਝੂ ਦੇ ਗੋਲਿਆਂ ਦਾ ਅਸਰ ਘਟਾਉਣ ਲਈ ਪਾਣੀ ਅਤੇ ਗਿੱਲੇ ਕੱਪੜਿਆਂ ਦਾ ਪ੍ਰਬੰਧ ਕੀਤਾ ਹੋਇਆ ਹੈ। ਕਿਸਾਨ ਬੇਸ਼ੱਕ ਜੂਝ ਰਹੇ ਹਨ ਪਰ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਰਹੀ। ਪੁਲਿਸ ਆਖ ਰਹੀ ਹੈ ਕਿ ਹਰਿਆਣਾ ਵਿੱਚ ਧਾਰਾ 163(144) ਲੱਗੀ ਹੋਈ ਹੈ ਅਤੇ ਇਸ ਕਰਕੇ ਧਾਰਾ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ।

ਇਸ ਸਥਿਤੀ ਵਿੱਚ ਪੰਜਾਬ ਸਰਕਾਰ ਨੂੰ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਸਥਿਤੀ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ। ਕੇਂਦਰ ਮੂਕ ਦਰਸ਼ਕ ਬਨਣ ਦੀ ਬਜਾਏ ਕਿਸਾਨਾਂ ਨਾਲ ਨਵੇਂ ਸਿਰੇ ਤੋਂ ਗੱਲਬਾਤ ਦੀ ਪਹਿਲ ਕਰੇ।

ਸੰਪਰਕ 9814002186

Share This Article
Leave a Comment