ਸਾਰਨੀਆ: ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਸਾਰਨੀਆ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਾਰਨੀਆ ‘ਚ 1 ਦਸੰਬਰ ਨੂੰ 194 ਕਵੀਨ ਸਟ੍ਰੀਟ ‘ਚ ਇੱਕ ਘਰ ‘ਚ ਰਹਿ ਰਹੇ ਦੋ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ। ਜਿਸ ਵੇਲੇ ਦੋਹਾਂ ਵਿਚਾਲੇ ਲੜਾਈ ਹੋਈ ਉਹ ਰਸੋਈ ‘ਚ ਸਨ ਤੇ ਲੜ੍ਹਾਈ ਇੱਥੋਂ ਤੱਕ ਵੱਧ ਗਈ ਕਿ ਇੱਕ ਨੌਜਵਾਨ ਵੱਲੋਂ ਦੂਸਰੇ ‘ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ, ਜਿਸ ਕਾਰਨ ਪੰਜਾਬੀ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਅਸਲ ‘ਚ 1 ਦਸੰਬਰ ਨੂੰ ਸਵੇਰੇ ਲਗਭਗ 5 ਵਜੇ, ਪੁਲਿਸ ਨੇ ਸਾਰਨੀਆ ‘ਚ ਟੈਲਫੋਰਡ ਸਟਰੀਟ ਦੇ ਦੱਖਣ ‘ਚ ਕੁਈਨ ਸਟ੍ਰੀਟ ‘ਤੇ ਰਿਹਾਇਸ਼ ‘ਤੇ ਇੱਕ ਛੁਰਾ ਮਾਰਨ ਦੀ ਰਿਪੋਰਟ ਲਈ ਇੱਕ 911 ‘ਤੇ ਫੋਨ ਆਇਆ ਸੀ। ਪੁਲਿਸ ਨੂੰ ਇੱਕ ਨੌਜਵਾਨ ਮ੍ਰਿਤ ਹਾਲਤ ‘ਚ ਮਿਲਿਆ ਅਤੇ ਦੂਜੇ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ।
ਸਾਰਨੀਆ ਪੁਲਿਸ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਮੈਂਬਰ ਇਸ ਛੁਰੇਬਾਜ਼ੀ ਦੀ ਘਟਨਾ ਦੀ ਜਾਂਚ ਕਰ ਰਹੇ ਹਨ। ਘਟਨਾ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਦੀ ਪਛਾਣ ਗੁਰਅਸੀਸ ਸਿੰਘ ਵਜੋਂ ਹੋਈ ਹੈ ਅਤੇ ਉਹ ਸਤੰਬਰ 2024 ਯਾਨੀ 3 ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ‘ਤੇ ਕੈਨੇਡਾ ਆਇਆ ਸੀ। ਗੁਰਅਸੀਸ ਲੈਬਟਨ ਕਾਲਜ ਦਾ ਵਿਦਿਆਰਥੀ ਸੀ ਅਤੇ ਪੰਜਾਬ ਤੋਂ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਿਤ ਸੀ। ਗੁਰਅਸੀਸ ਆਪਣੇ ਕੁਝ ਦੋਸਤਾਂ ਨਾਲ ਸ਼ੇਅਰਿੰਗ ‘ਚ ਰਹਿੰਦਾ ਸੀ ਅਤੇ ਉਸੇ ਘਰ ‘ਚ ਇੱਕ ਗੋਰਾ ਰਹਿੰਦਾ ਸੀ, ਜਿਸ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਸਾਰਨੀਆ ਦੇ 36 ਸਾਲਾ ਕ੍ਰੋਸਲੇ ਹੰਟਰ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।