ਨਵੀਂ ਦਿੱਲੀ: ਨਵੰਬਰ ਦਾ ਅੱਧਾ ਮਹੀਨਾ ਬੀਤ ਚੁੱਕਿਆ ਹੈ ਪਰ ਕੜਾਕੇ ਦੀ ਠੰਢ ਦਾ ਕਿਧਰੇ ਵੀ ਨਾਮੋ-ਨਿਸ਼ਾਨ ਨਹੀਂ ਹੈ। ਇਸ ਵਾਰ ਸਰਦੀਆਂ ਦਾ ਇੰਤਜ਼ਾਰ ਕਾਫੀ ਲੰਬਾ ਹੁੰਦਾ ਜਾ ਰਿਹਾ ਹੈ। ਪਹਾੜੀ ਇਲਾਕਿਆਂ ‘ਚ ਭਾਵੇਂ ਬਰਫਬਾਰੀ ਸ਼ੁਰੂ ਹੋ ਗਈ ਹੈ ਪਰ ਮੈਦਾਨੀ ਇਲਾਕਿਆਂ ‘ਚ ਮੌਸਮ ਨਹੀਂ ਬਦਲ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਅਜੇ ਵੀ ਬਹੁਤ ਮਾੜੀ ਸਥਿਤੀ ਵਿੱਚ ਹੈ। ਇਸ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਅਲਰਟ ਜਾਰੀ ਕਰਦਿਆਂ ਕਿਹਾ ਕਿ ਹੁਣ ਸਾਨੂੰ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਅਤੇ ਕੜਾਕੇ ਦੀ ਠੰਢ ਪੈਣ ਵਾਲੀ ਹੈ।
ਵੀਰਵਾਰ ਸਵੇਰੇ ਦਿੱਲੀ ਅਤੇ ਇਸਦੇ ਆਸਪਾਸ ਦੇ ਸੂਬਿਆਂ ਵਿੱਚ ਧੁੰਦ ਛਾਈ ਹੋਈ ਹੈ। ਧੁੰਦ ਐਨੀ ਸੰਘਣੀ ਹੈ ਕਿ ਵਿਜ਼ੀਬਿਲਟੀ ਜ਼ੀਰੋ ‘ਤੇ ਪਹੁੰਚ ਗਈ ਹੈ। ਉੱਤਰ ਭਾਰਤ ਦੇ ਸੂਬੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਧੁੰਦ ਪੈਣ ਦੀ ਸੂਚਨਾ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਹੁਣ ਵੀ ਇਹੀ ਸਥਿਤੀ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਸਭ ਤੋਂ ਪਹਿਲਾਂ ਜੇਕਰ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਹੁਣ ਸਰਦੀ ਜ਼ਿਆਦਾ ਦੂਰ ਨਹੀਂ ਹੈ। ਅੱਜ ਵੀਰਵਾਰ ਨੂੰ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਹਵਾ ਦੀ ਗੁਣਵੱਤਾ ਲਗਾਤਾਰ ਮਾੜੀ ਬਣੀ ਹੋਈ ਹੈ। ਇਸ ਕਾਰਨ ਸੰਘਣੀ ਧੁੰਦ ਛਾਈ ਰਹੇਗੀ। ਇੱਥੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਾ ਸਿਲਸਿਲਾ ਵੀ ਜਾਰੀ ਹੈ।
ਵਿਭਾਗ ਨੇ ਦੱਸਿਆ ਕਿ ਅੱਜ ਤੋਂ ਲਗਭਗ ਸਾਰੇ ਸੂਬਿਆਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਤਾਜ਼ਾ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਦੇਸ਼ ਦੇ 10 ਸੂਬਿਆਂ ਵਿੱਚ ਜ਼ੀਰੋ ਵਿਜ਼ੀਬਿਲਟੀ ਅਲਰਟ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਸਿੱਕਮ, ਝਾਰਖੰਡ, ਉੱਤਰ ਪ੍ਰਦੇਸ਼, ਬਿਹਾਰ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋਵੇਗੀ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਆਵੇਗੀ ਅਤੇ ਠੰਢੀਆਂ ਹਵਾਵਾਂ ਚੱਲਣਗੀਆਂ। ਦੱਖਣੀ ਭਾਰਤ ਵਿੱਚ ਅੱਜ ਵੀ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ। ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਗੋਆ ‘ਚ ਭਾਰੀ ਵਰਖਾ ਰਹੇਗੀ। ਕੁਝ ਥਾਵਾਂ ‘ਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।