‘ਮੁੱਖ ਮੰਤਰੀ ਦੀ ਅਪੀਲ ਦਾ ਲੋਕਾਂ ‘ਤੇ ਹੋਇਆ ਅਸਰ, ਵੱਡੀ ਗਿਣਤੀ ‘ਚ ਸਰਪੰਚ ਤੇ ਪੰਚ ਸਰਬਸੰਮਤੀ ਨਾਲ ਚੁਣੇ ਗਏ’

Global Team
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਪੰਚਾਇਤੀ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਅਤੇ ਉਤਸ਼ਾਹ ਨਾਲ ਭਾਗ ਲੈਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਪਾਰਟੀ ਨੇ ਚੋਣਾਂ ਨੂੰ ਸਫਲਤਾਪੂਰਵਕ ਅਤੇ ਸ਼ਾਂਤੀਪੂਰਵਕ ਕਰਵਾਉਣ ਲਈ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਚੋਣ ਕਮਿਸ਼ਨ ਦੀ ਵੀ ਸ਼ਲਾਘਾ ਕੀਤੀ।

ਪਾਰਟੀ ਦਫਤਰ ਤੋਂ ਬੁੱਧਵਾਰ ਨੂੰ ਜਾਰੀ ਬਿਆਨ ‘ਚ ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਲੋਕਾਂ ਨੂੰ ਕੀਤੀ ਅਪੀਲ ਦਾ ਕਾਫੀ ਅਸਰ ਪਿਆ ਹੈ। ਸੂਬੇ ਦੀਆਂ ਕੁੱਲ 13237 ਪੰਚਾਇਤਾਂ ਵਿੱਚੋਂ 3800 ਦੇ ਕਰੀਬ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ। 48 ਹਜ਼ਾਰ ਤੋਂ ਵੱਧ ਪੰਚ ਨਿਰਵਿਰੋਧ ਚੁਣੇ ਗਏ। ਇਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕਪ੍ਰਿਅਤਾ ਨੂੰ ਦਰਸਾਉਂਦਾ ਹੈ।

ਨੀਲ ਗਰਗ ਨੇ ਕਿਹਾ ਕਿ ਪੰਚਾਇਤਾਂ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਸੂਬੇ ਦੇ ਵਿਕਾਸ ਵਿੱਚ ਪੰਚਾਇਤਾਂ ਦੀ ਭੂਮਿਕਾ ਅਹਿਮ ਰਹੀ ਹੈ। ਇਸੇ ਕਰਕੇ ਮਾਨ ਸਰਕਾਰ ਨੇ ਪੰਚਾਇਤੀ ਚੋਣਾਂ ਨੂੰ ਪਾਰਟੀ ਅਧਾਰਤ ਨਾ ਕਰਾਉਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਪਾਰਟੀ ਦਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਅਨੁਸਾਰ ਸਰਬਸੰਮਤੀ ਨਾਲ ਸਰਪੰਚ ਚੁਣੀਆਂ ਗਈਆਂ ਪੰਚਾਇਤਾਂ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ। ਇਸ ਨਾਲ ਪਿੰਡ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਮਦਦ ਮਿਲੇਗੀ। ਪੰਚਾਇਤੀ ਚੋਣਾਂ ਦੇ ਸ਼ਾਂਤਮਈ ਅਤੇ ਨਿਰਪੱਖ ਹੋਣ ਦੇ ਕਾਰਨ ਰਾਜ ਦੀ ਲੋਕਤੰਤਰ ਪ੍ਰਣਾਲੀ ਨੂੰ ਵੀ ਮਜ਼ਬੂਤੀ ਮਿਲੀ ਹੈ।

 

Share This Article
Leave a Comment