ਨਿਊਜ਼ ਡੈਸਕ: ਬੰਗਲਾਦੇਸ਼ ਹਿੰਸਾ ਨੂੰ ਲੈ ਕੇ ਦਿੱਲੀ ‘ਚ ਸਰਬ ਪਾਰਟੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵਿਰੋਧੀ ਪਾਰਟੀਆਂ ਨੂੰ ਸਥਿਤੀ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਹੈ ਕਿ ਉਹ ਬੰਗਲਾਦੇਸ਼ ਫੌਜ ਨਾਲ ਸੰਪਰਕ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਾਹਰੀ ਤਾਕਤ ਦਾ ਮੁੱਦਾ ਚੁੱਕਿਆ । ਦਰਅਸਲ, ਬੰਗਲਾਦੇਸ਼ ਵਿੱਚ ਰਾਖਵੇਂਕਰਨ ਨੂੰ ਲੈ ਕੇ ਹੋਈ ਹਿੰਸਾ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਹਿੰਸਾ ਇੰਨੀ ਵਧ ਗਈ ਸੀ ਕਿ ਸ਼ੇਖ ਹਸੀਨਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਦੇਸ਼ ਛੱਡ ਕੇ ਭੱਜਣਾ ਪਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਬ ਪਾਰਟੀ ਬੈਠਕ ‘ਚ ਕਿਸੇ ਵੀ ਨੇਤਾ ਨੇ ਸ਼ੇਖ ਹਸੀਨਾ ਦੇ ਇੱਥੇ ਆਉਣ ਅਤੇ ਰੁਕਣ ‘ਤੇ ਸਵਾਲ ਨਹੀਂ ਉਠਾਏ। ਸਰਕਾਰ ਨੇ ਕਿਹਾ ਕਿ ਸ਼ੇਖ ਹਸੀਨਾ ਜਿਸ ਸਥਿਤੀ ‘ਚੋਂ ਗੁਜ਼ਰ ਰਹੀ ਹੈ ਅਤੇ ਹੁਣ ਉਹ ਜਿਸ ਮਾਨਸਿਕ ਸਥਿਤੀ ‘ਚ ਹੈ, ਉਸ ਨੂੰ ਦੇਖਦੇ ਹੋਏ ਸਰਕਾਰ ਉਨ੍ਹਾਂ ਨੂੰ ਸਮਾਂ ਅਤੇ ਜਗ੍ਹਾ ਦੇਣਾ ਚਾਹੁੰਦੀ ਹੈ ਤਾਂ ਜੋ ਉਹ ਫੈਸਲਾ ਕਰ ਸਕੇ ਕਿ ਉਹ ਅੱਗੇ ਕੀ ਕਰੇਗੀ। ਹਾਲਾਂਕਿ ਬੈਠਕ ‘ਚ ਇਹ ਜ਼ਰੂਰ ਪੁੱਛਿਆ ਗਿਆ ਕਿ ਭਾਰਤ ਦੇ ਵਿਦਿਆਰਥੀਆਂ ਦਾ ਕੀ ਹੋਵੇਗਾ? ਹਿੰਦੂਆਂ ‘ਤੇ ਹੋ ਰਹੇ ਹਮਲਿਆਂ ਬਾਰੇ ਵੀ ਇਕ ਸਵਾਲ ਪੁੱਛਿਆ ਗਿਆ ਸੀ, ਜਿਸ ‘ਤੇ ਸਰਕਾਰ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੇ ਹਾਂ। ਬੈਠਕ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਦੀ ਵਿਦੇਸ਼ ਨੀਤੀ ਦਾ ਸਮਰਥਨ ਕੀਤਾ।
ਸੂਤਰਾਂ ਮੁਤਾਬਕ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਜਿਵੇਂ ਦੀ ਸਥਿਤੀ ਬਣੇਗੀ ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਰਕਾਰ ਬੰਗਲਾਦੇਸ਼ ਫੌਜ ਦੇ ਸੰਪਰਕ ਵਿੱਚ ਹੈ। ਸਰਹੱਦ ‘ਤੇ ਫਿਲਹਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਐਡਵਾਈਜ਼ਰੀ ਤੋਂ ਬਾਅਦ 8 ਹਜ਼ਾਰ ਭਾਰਤੀ ਵਿਦਿਆਰਥੀ ਵਾਪਸ ਪਰਤ ਆਏ ਹਨ। ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਬਾਹਰੀ ਤਾਕਤ ਦੀ ਦਖਲਅੰਦਾਜ਼ੀ ‘ਤੇ ਸਵਾਲ ਪੁੱਛਿਆ, ਜਿਸ ਦੇ ਜਵਾਬ ‘ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਬਾਹਰੀ ਤਾਕਤ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਰਾਹੁਲ ਨੇ ਕਿਹਾ ਕਿ ਮੱਧਮ ਅਤੇ ਲੰਬੇ ਸਮੇਂ ਦੀ ਰਣਨੀਤੀ ਹੋਣੀ ਚਾਹੀਦੀ ਹੈ।