ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਬੁੱਧਵਾਰ ਨੂੰ ਮਲਪੁਰਮ ਜ਼ਿਲ੍ਹੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਵੀਨਾ ਜਾਰਜ ਦੀ ਕਾਰ ਮਲਪੁਰਮ ਦੇ ਮਾਨਚੇਰੀ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕੇਰਲ ਦੇ ਸਿਹਤ ਮੰਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਦੇ ਖੱਬੇ ਹੱਥ ‘ਤੇ ਸੱਟ ਲੱਗ ਗਈ ਅਤੇ ਉਸ ਨੂੰ ਇਲਾਜ ਲਈ ਮਾਨਚੇਰੀ ਮੈਡੀਕਲ ਕਾਲਜ ਲਿਆਂਦਾ ਗਿਆ।
ਸਿਹਤ ਮੰਤਰੀ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਵਾਇਨਾਡ ਜ਼ਿਲ੍ਹੇ ਦਾ ਦੌਰਾ ਕਰਨ ਜਾ ਰਹੇ ਸਨ। ਇਸ ਦੌਰਾਨ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਹ ਵਾਇਨਾਡ ਵਿੱਚ ਜ਼ਮੀਨ ਖਿਸਕਣ ਵਿੱਚ ਮਾਰੇ ਗਏ ਲੋਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੀ ਸੀ। ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਵੀਨਾ ਜਾਰਜ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।
ਦੱਸ ਦੇਈਏ ਕਿ ਵਾਇਨਾਡ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 146 ਹੋ ਗਈ ਹੈ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਬਚਾਅ ਕਰਮਚਾਰੀ ਮਲਬੇ ਹੇਠ ਦੱਬੇ ਲੋਕਾਂ ਨੂੰ ਲੱਭਣ ਵਿੱਚ ਜੁਟੇ ਹੋਏ ਹਨ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਮੁੰਡਾਕਾਈ ਅਤੇ ਚੂਰਲਮਾਲਾ ਖੇਤਰਾਂ ‘ਚ 180 ਤੋਂ ਵੱਧ ਲੋਕ ਲਾਪਤਾ ਹਨ ਅਤੇ 300 ਤੋਂ ਵੱਧ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ।
ਆਰਮੀ, ਨੇਵੀ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਬਚਾਅ ਟੀਮਾਂ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਮੰਗਲਵਾਰ ਤੜਕੇ 2:00 ਵਜੇ ਤੋਂ 4:00 ਵਜੇ ਦਰਮਿਆਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਨਾਲ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ। ਮੰਗਲਵਾਰ ਦੇਰ ਰਾਤ ਵਾਇਨਾਡ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਨੀਲਾਂਬੁਰ ਅਤੇ ਮੇਪਦੀ ਤੋਂ ਲਗਭਗ 30 ਮਨੁੱਖੀ ਸਰੀਰ ਦੇ ਅੰਗ ਵੀ ਬਰਾਮਦ ਕੀਤੇ ਗਏ ਹਨ।