ਨਿਊਜ਼ ਡੈਸਕ: ਹਰਿਆਣਾ ਦੇ ਫਤਿਹਾਬਾਦ ‘ਚ ਮਾਨਸਾ ਦੀ ਇੱਕ 28 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਬਿਆਨਾਂ ‘ਤੇ ਇਸ ਸਬੰਧੀ ਥਾਣਾ ਮਾਨਸਾ ਵਿਖੇ ਐਫਆਈਆਰ ਦਰਜ ਕਰਵਾਈ ਹੈ। ਪੁਲੀਸ ਨੇ ਚਾਰ ਨੌਜਵਾਨਾਂ ਸਾਗਰ, ਸ਼ੇਰਸਿੰਘ, ਸਲੀਮ ਖਾਨ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅੱਜ ਕੁੜੀ ਦਾ ਮੈਡੀਕਲ ਕਰਵਾਏਗੀ।
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਬਰੇਟਾ ਥਾਣੇ ਵਿੱਚ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ 28 ਸਾਲਾ ਕੁੜੀ ਨੇ ਦੱਸਿਆ ਕਿ ਉਹ ਪਿਛਲੇ 2-3 ਮਹੀਨਿਆਂ ਤੋਂ ਰਤੀਆ ਵਿੱਚ ਆਪਣੀ ਭੂਆ ਕੋਲ ਰਹਿ ਰਹੀ ਹੈ। 28 ਜੂਨ ਨੂੰ ਸ਼ਾਮ 6.30 ਵਜੇ ਦੇ ਕਰੀਬ ਉਹ ਆਪਣੀ ਭੈਣ ਨੂੰ ਮਿਲਣ ਲਈ ਮਾਨਸਾ ਜਾਣ ਲਈ ਰਤੀਆ ਦੇ ਬੱਸ ਸਟੈਂਡ ‘ਤੇ ਉਡੀਕ ਕਰ ਰਹੀ ਸੀ। ਉਸੇ ਸਮੇਂ ਇਕ ਕਾਰ ਉਸ ਦੇ ਨੇੜੇ ਆ ਕੇ ਰੁਕੀ ਅਤੇ ਉਸ ਨੂੰ ਮਾਨਸਾ ਦਾ ਰਸਤਾ ਪੁੱਛਣ ਲੱਗੇ। ਉਸਨੇ ਉਨ੍ਹਾਂ ਨੂੰ ਰਸਤਾ ਦੱਸਿਆ ਅਤੇ ਜਦੋਂ ਉਹ ਜਾਣ ਲੱਗੇ ਤਾਂ ਉਨ੍ਹਾਂ ਨੇ ਉਸਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਹੀ ਹੈ। ਜਦੋਂ ਉਸ ਨੇ ਦੱਸਿਆ ਕਿ ਉਹ ਮਾਨਸਾ ਜਾ ਰਹੀ ਹੈ ਤਾਂ ਉਹਨਾ ਨੇ ਕਿਹਾ ਕਿ ਉਹ ਉਸ ਨੂੰ ਵੀ ਕਾਰ ਵਿਚ ਛੱਡ ਦੇਣਗੇ। ਜਦੋ ਕੁੜੀ ਕਾਰ ‘ਚ ਬੈਠੀ ਤਾਂ ਉਹਨਾਂ ਨੇ ਕਾਰ ਕਿਸੇ ਹੋਰ ਸੜਕ ਵੱਲ ਮੋੜ ਲਈ।
ਕੁੜੀ ਨੇ ਦੋਸ਼ ਲਾਇਆ ਕਿ ਨੌਜਵਾਨ ਉਸ ਨੂੰ ਆਦਮਪੁਰ ਲੈ ਗਏ ਅਤੇ ਉਸ ਨਾਲ ਇੱਕ-ਇੱਕ ਕਰਕੇ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਇਸ ਤੋਂ ਅਗਲੇ ਦਿਨ ਕੁੜੀ ਨੂੰ ਸ਼ਰਾਬ ਤੇ ਨਸ਼ੀਲਾ ਪਦਾਰਥ ਦੇ ਕੇ ਇੱਕ-ਇੱਕ ਕਰਕੇ ਉਸ ਨਾਲ ਜਬਰ ਜਨਾਹ ਕੀਤਾ। ਉਸ ਹਾਲਤ ਵਿੱਚ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਵਿੱਚੋਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਈ। ਪੁਲੀਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਚਾਰਾਂ ਖਿਲਾਫ ਜਬਰ-ਜ਼ਨਾਹ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਏਐਸਆਈ ਦਰਸ਼ਨਾ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੇ ਜ਼ੀਰੋ ਐਫਆਈਆਰ ਤਹਿਤ ਕੇਸ ਦਰਜ ਕਰ ਲਿਆ ਹੈ। ਸ਼ਨੀਵਾਰ ਨੂੰ ਪੀੜਤਾ ਦਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਉਸ ਦੇ ਬਿਆਨ ਦਰਜ ਕੀਤੇ ਜਾਣਗੇ।