ਨਿਊਜ਼ ਡੈਸਕ: ਅੱਜ ਸਵੇਰ ਤੋਂ ਹੀ ਖ਼ਬਰਾਂ ਚੱਲ ਰਹੀਆਂ ਹਨ ਕਿ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਮੰਡੀ ਦੀ ਸਾਂਸਦ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਹੈ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਹੁਣ ਕੁਲਵਿੰਦਰ ਨੂੰ ਚੰਡੀਗੜ੍ਹ ਤੋਂ ਬਦਲ ਕੇ ਬੈਂਗਲੁਰੂ ‘ਚ ਤਾਇਨਾਤ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਬਿਆਨ ਤੋਂ ਦੁਖੀ ਹੋ ਕੇ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਨੂੰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਕੁਲਵਿੰਦਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ।
ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕਈ ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਦਾ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਉਸ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਵੀ ਕੁਲਵਿੰਦਰ ਦੀ ਹਮਾਇਤ ਵਿਚ ਆ ਗਏ ਅਤੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰਨ ਦਾ ਵਿਰੋਧ ਕੀਤਾ। ਪੁਲਿਸ ਨੇ ਕੁਲਵਿੰਦਰ ਖਿਲਾਫ ਕਾਰਵਾਈ ਕਰਦੇ ਹੋਏ ਐੱਫ.ਆਈ.ਆਰ. ਕੀਤੀ। ਜਿੱਥੇ ਬਾਲੀਵੁੱਡ ਇੰਡਸਟਰੀ ਦੇ ਕੁਝ ਲੋਕਾਂ ਨੇ ਕੰਗਣਾ ਦਾ ਸਮਰਥਨ ਕਰਦੇ ਹੋਏ ਥੱਪੜ ਮਾਰਨ ਦੀ ਘਟਨਾ ਦੀ ਨਿੰਦਾ ਕੀਤੀ ਸੀ, ਉੱਥੇ ਹੀ ਗਾਇਕ ਵਿਸ਼ਾਲ ਡਡਲਾਨੀ ਸਮੇਤ ਕਈ ਲੋਕ ਕੁਲਵਿੰਦਰ ਦੇ ਸਮਰਥਨ ‘ਚ ਆਏ ਸਨ। ਵਿਸ਼ਾਲ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਸੀਆਈਐਸਐਫ ਜਵਾਨ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਉਸ ਨੂੰ ਨੌਕਰੀ ਦੇ ਦੇਣਗੇ।
ਇਸ ਘਟਨਾ ਤੋਂ ਬਾਅਦ CISF ਦੇ ਉੱਚ ਅਧਿਕਾਰੀ ਵਿਨੈ ਕਾਜਲਾ ਨੇ ਕਿਹਾ ਸੀ ਕਿ ਕੁਲਵਿੰਦਰ ਨੇ ਮੁਆਫੀ ਮੰਗ ਲਈ ਹੈ। ਟ੍ਰਿਬਿਊਨ ਨਾਲ ਗੱਲ ਕਰਦਿਆਂ ਉਨ੍ਹਾਂ ਮੰਨਿਆ ਕਿ ਸੁਰੱਖਿਆ ਵਿੱਚ ਕੋਈ ਕਮੀ ਆਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।