ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਸ ਪਾਰਲੀਮਾਨੀ ਹਲਕੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸਾਬਕਾ ਮੰਤਰੀ ਤੇ ਉੱਘੇ ਅਕਾਲੀ ਆਗੂ ਜਗਦੀਸ਼ ਸਿੰਘ ਗਰਚਾ ਆਪਣੇ ਪਰਿਵਾਰ ਅਤੇ ਸਮਰਥਕਾਂ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਗਰਚਾ ਪਰਿਵਾਰ ਦੀ ਰਿਹਾਇਸ਼ ’ਤੇ ਉਹਨਾਂ ਤੇ ਉਹਨਾਂ ਦੇ ਸਮਰਥਕਾਂ ਦਾ ਪਾਰਟੀ ਵਿਚ ਮੁੜ ਪਰਤਣ ’ਤੇ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਗਰਚਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਰਹੇ ਹਨ ਤੇ ਹਮੇਸ਼ਾ ਚੰਗੇ ਮਾੜੇ ਸਮੇਂ ਵਿਚ ਉਹਨਾਂ ਨਾਲ ਨਿੱਭੇ ਹਨ। ਉਹਨਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੇ ਰਹੀ ਹੈ ਕਿ ਇਹ ਪਰਿਵਾਰ ਜੋ ਕੁਝ ਕਾਰਨਾਂ ਕਰ ਕੇ ਵੱਖ ਹੋ ਗਿਆ ਸੀ, ਮੁੜ ਅਕਾਲੀ ਦਲ ਪਰਿਵਾਰ ਵਿਚ ਸ਼ਾਮਲ ਹੋਇਆ ਹੈ ਤੇ ਉਹਨਾਂ ਵੱਲੋਂ ਕੀਤੀ ਪੰਥਕ ਏਕਤਾ ਦੀ ਅਪੀਲ ਪ੍ਰਤੀ ਹੁੰਗਾਰਾ ਭਰਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਹੀ ਪੰਜਾਬੀਆਂ ਦੀਆਂ ਆਸਾਂ ਦੀ ਸਹੀ ਪ੍ਰਤੀਨਿਧਤਾ ਕਰਦਾ ਹੈ। ਉਹਨਾਂ ਕਿਹਾ ਕਿ ਕੌਮੀ ਪਾਰਟੀਆਂ ਸੂਬੇ ਨੂੰ ਈਸਟ ਇੰਡੀਆ ਕੰਪਨੀ ਵਾਂਗੂ ਸਮਝਦੀਆਂ ਹਨ ਤੇ ਬਜਾਏ ਸੂਬੇ ਦੇ ਲੋਕਾਂ ਦੇ ਦਿਲ ਜਿੱਤਣ ਦੇ, ਇਸਨੂੰ ਆਪਣੇ ਰਾਜਭਾਗ ਵਿਚ ਸ਼ਾਮਲ ਕਰਨਾ ਚਾਹੁੰਦੀਆਂ ਹਨ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਲਈ ਡਟਿਆ ਹੈ। ਉਹਨਾਂ ਕਿਹਾ ਕਿ ਸਾਡੇ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਸਭ ਤੋਂ ਉਪਰ ਹੈ। ਅਸੀਂ ਕਦੇ ਵੀ ਪੰਜਾਬ ਦੇ ਮੁੱਖ ਮੁੱਦਿਆਂ ’ਤੇ ਸਮਝੌਤਾ ਨਹੀਂ ਕਰ ਸਕਦੇ ਜਿਵੇਂ ਕਿ ਕੌਮੀ ਪਾਰਟੀਆਂ ਕਰਦੀਆਂ ਹਨ।
ਸ਼ਹਿਰ ਵਿਚ ਚਲ ਰਹੇ ਗੈਂਗਸਟਰ ਸਭਿਆਚਾਰ, ਫਿਰੌਤੀਆਂ ਤੇ ਨਸ਼ੇ ਦੇ ਵਗ ਰਹੇ ਛੇਵੇਂ ਦਰਿਆ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਮੈਂ ਤੁਹਾਨੂੰ ਯਕੀਨੀ ਦੁਆਉਂਦਾ ਹਾਂ ਕਿ ਇਕ ਵਾਰ ਸ਼੍ਰੋਮਣੀ ਅਕਾਲੀ ਦਲ ਮੁੜ ਸੱਤਾ ਵਿਚ ਆ ਗਿਆ ਤਾਂ ਨਾ ਤਾਂ ਸੂਬੇ ਵਿਚ ਗੈਂਗਸਟਰ ਰਹਿਣਗੇ ਤੇ ਨਾ ਹੀ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਰਹਿਣਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਖਤਮ ਕਰਨਾ ਅਕਾਲੀ ਦਲ ਦੀ ਸਭ ਤੋਂ ਪਹਿਲੀ ਤਰਜੀਹ ਹੋਵੇਗੀ। ਬਾਦਲ ਨੇ ਇਹ ਵੀ ਦੱਸਿਆਕਿ ਕਿਵੇਂ ਸਾਰੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰਾਜੈਕਟ ਭਾਵੇਂ ਫਲਾਈਓਵਰ ਹੋਣ, ਪੁੱਲ ਹੋਣ, ਸੀਵਰੇਜ ਸਿਸਟਮ ਹੋਵੇ ਜਾਂ ਸੁੰਦਰੀਕਰਨ ਦੇ ਪ੍ਰਾਜੈਕਟ ਹੋਣ ਸਭ ਅਕਾਲੀ ਦਲ ਦੀ ਸਰਕਾਰ ਵੇਲੇ ਉਸਾਰੇ ਗਏ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਦੇ ਸੱਤ ਸਾਲਾਂ ਦੇ ਰਾਜ ਵਿਚ ਸ਼ਹਿਰ ਨੂੰ ਵੱਡੀ ਮਾਰ ਪਈ ਹੈ ਤੇ ਸਾਰੇ ਵਿਕਾਸ ਕਾਰਜ ਵੀ ਠੱਪ ਹੋ ਗਏ ਹਨ ਤੇ ਸ਼ਹਿਰੀ ਬੁਨਿਆਦੀ ਢਾਂਚੇ ਦਾ ਵੀ ਬੁਰਾ ਹਾਲ ਹੈ।
ਮੀਡੀਆ ਦੇ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਸਾਇਲੋਜ਼ ਨੂੰ ਖਰੀਦ ਕੇਂਦਰ ਐਲਾਨ ਦਿੱਤਾ ਸੀ ਅਤੇ ਸਰਕਾਰੀ ਖਰੀਦ ਕੇਂਦਰਾਂ ਦਾ ਨਿੱਜੀਕਰਨ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਕੀਤਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਦਸ਼ਾ ਹੈ ਕਿ ਉਹ ਵੀ ਅਰਵਿੰਦ ਕੇਜਰੀਵਾਲ ਵਾਂਗੂ ਗ੍ਰਿਫਤਾਰ ਹੋ ਜਾਣਗੇ ਤੇ ਇਸੇ ਕਾਰਣ ਉਹ ਸਾਰੇ ਮੁੱਦਿਆਂ ’ਤੇ ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਚਲ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਵਿਚ ਆਪ ਸਰਕਾਰ ਨੇ ਦਿੱਲੀ ਦੇ ਸ਼ਰਾਬ ਘੁਟਾਲੇ ਵਾਂਗੂ ਘੁਟਾਲਾ ਕੀਤਾ ਹੈ ਤੇ ਪੰਜਾਬ ਦੀ ਆਬਕਾਰੀ ਨੀਤੀ ਇਸ ਹਿਸਾਬ ਨਾਲ ਤਿਆਰ ਕੀਤੀ ਗਈ ਕਿ ਦਿੱਲੀ ਦੀ ਨੀਤੀ ਅਨੁਸਾਰ ਉਹਨਾਂ ਹੀ ਲੋਕਾਂ ਨੂੰ ਸ਼ਰਾਬ ਦਾ ਕਾਰੋਬਾਰ ਮਿਲੇ ਜਿਹਨਾਂ ਨੂੰ ਦਿੱਲੀ ਵਿਚ ਦਿੱਤਾ ਗਿਆ ਸੀ।
ਬਾਦਲ ਨੇ ਕਿਹਾ ਕਿ ਆਪ ਤੇ ਕਾਂਗਰਸ ਪੰਜਾਬ ਵਿਚ ਲੜਾਈ ਦਾ ਢਕਵੰਜ ਰਚ ਰਹੇ ਹਨ। ਦੋਵਾਂ ਪਾਰਟੀਆਂ ਦਾ ਕੇਂਦਰ ਵਿਚ ਸਮਝੌਤਾ ਹੈ ਅਤੇ ਭਗਵੰਤ ਮਾਨ ਨੇ ਹਾਲ ਹੀ ਵਿਚ ਦਿੱਲੀ ਵਿਚ ਕਾਂਗਰਸ ਲੀਡਰਸ਼ਿਪ ਨਾਲ ਸਟੇਜ ਵੀ ਸਾਂਝੀ ਕੀਤੀ ਹੈ। ਪਰ ਪੰਜਾਬ ਵਿਚ ਪੰਜਾਬੀਆਂ ਨੂੰ ਇਹ ਦੋਵੇਂ ਪਾਰਟੀਆਂ ਮੂਰਖ ਬਣਾਉਣ ਦਾ ਯਤਨ ਕਰ ਰਹੀਆਂ ਹਨ।