ਅੰਮ੍ਰਿਤਸਰ: ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਐਲਾਨ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ’ਤੇ ਭਰੋਸਾ ਕਰਦਿਆਂ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਉਤਾਰਿਆ ਹੈ। ਧਾਲੀਵਾਲ ਪਹਿਲਾਂ ਵੀ 2019 ਵਿਚ ’ਆਪ’ ਦੀ ਟਿਕਟ ’ਤੇ ਲੋਕ ਸਭਾ ਚੋਣ ਲੜ ਚੁੱਕੇ ਹਨ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀਆਂ ਦੀ ਲਿਸਟ ’ਚ ਨਾਮ ਸ਼ਾਮਲ ਹੈ।
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਉਹ ਗੁਰੂ ਰਾਮਦਾਸ ਜੀ ਦੀ ਨਗਰੀ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਗੇ।
ਵਿਦਿਆਰਥੀ ਰਾਜਨੀਤੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਧਾਲੀਵਾਲ ਦਾ ਸਿਆਸੀ ਜੀਵਨ ਲੰਬਾ ਰਿਹਾ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹੁੰਦਿਆਂ ਵਿਦਿਆਰਥੀ ਰਾਜਨੀਤੀ ਦਾ ਹਿੱਸਾ ਬਣੇ ਸਨ। 1998 ਤੋਂ 2001 ਤੱਕ ਜਗਦੇਵ ਕਾਲਾ ਦੇ ਸਰਪੰਚ ਰਹੇ। 1990 ਤੋਂ ਹਾਸ਼ਮ ਸ਼ਾਹ ਯਾਦਗਾਰੀ ਟਰੱਸਟ ਦੇ ਮੁਖੀ ਬਣੇ ਅਤੇ ਟਰੱਸਟ ਦੀ 125 ਮੈਂਬਰੀ ਟੀਮ ਦੇ ਨਾਲ ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਆਪਣੇ ਪਿੰਡ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨਾ ਸੀ। 2019 ਦੀਆਂ ਲੋਕ ਸਭਾ ਚੋਣਾਂ ’ਚ ’ਆਪ’ ਨੇ ਧਾਲੀਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਅਤੇ ਉਨ੍ਹਾਂ ਨੂੰ 19 ਹਜਾਰ 800 ਵੋਟਾਂ ਮਿਲੀਆਂ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ’ਆਪ’ ਨੇ ਮੁੜ ਧਾਰੀਵਾਲ ’ਤੇ ਭਰੋਸਾ ਕੀਤਾ ਅਤੇ ਚੋਣ ਮੈਦਾਨ ’ਚ ਉਤਾਰਿਆ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 7843 ਵੋਟਾਂ ਨਾਲ ਹਰਾਇਆ। ਧਾਲੀਵਾਲ ਨੂੰ 43,555 ਵੋਟਾਂ ਮਿਲੀਆਂ, ਜਦੋਂ ਕਿ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 35,712 ਅਤੇ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਨੂੰ 33,853 ਵੋਟਾਂ ਮਿਲੀਆਂ ਸਨ। ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 7 ’ਤੇ ‘ਆਪ’ ਦੇ ਵਿਧਾਇਕ ਹਨ ਜਦਕਿ ਮਜੀਠਾ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਰਾਜਾਸਾਂਸੀ ’ਚ ਕਾਂਗਰਸ ਦਾ ਵਿਧਾਇਕ ਮੌਜੂਦ ਹੈ।
ਸਾਲ 2014 ਦੇ ਚੋਣ ਨਤੀਜੇ ਵਿਚ ਕਾਂਗਰਸ ਕੈਪਟਨ ਅਮਰਿੰਦਰ ਸਿੰਘ 482876 ਨਾਲ ਜੇਤੂ ਰਹੇ ਸਨ ਜਦਕਿ ਭਾਰਤੀ ਜਨਤਾ ਪਾਰਟੀ ਦੇ ਅਰੁਣ ਜੇਤਲੀ ਨੂੰ 380106 ਵੋਟਾਂ ਹਾਸਲ ਹੋਈਆਂ ਸਨ। ਇਸੇ ਤਰਾਂ ਆਮ ਆਦਮੀ ਪਾਰਟੀ ਦੇ ਡਾਕਟਰ ਦਲਜੀਤ ਸਿੰਘ ਨੂੰ 82633 ਮਿਲੀਆਂ ਸਨ। ਸਾਲ 2017 ਵਿਚ ਵਿਧਾਨਸਭਾ ਚੋਣਾਂ ਦੇ ਨਾਲ ਹੋਈ ਉਪ ਚੋਣ ‘ਚ ਕਾਂਗਰਸ ਦੇ ਐਮਪੀ ਗੁਰਜੀਤ ਸਿੰਘ ਔਜਲਾ ਨੂੰ 508153 ਵੋਟਾਂ ਹਾਸਲ ਹੋਈਆਂ। ਇਸ ਦੌਰਾਨ ਭਾਜਪਾ ਦੇ ਰਜਿੰਦਰ ਮੋਹਨ ਸਿੰਘ ਨੂੰ 308964 ਅਤੇ ਆਮ ਆਦਮੀ ਪਾਰਟੀ ਦੇ ਉਪਕਾਰ ਸਿੰਘ ਸੰਧੂ 149984 ਵੋਟਾਂ ਹਾਸਲ ਹੋਈਆਂ। ਔਜਲਾ ਉਪ ਚੋਣ 199189 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਸਾਲ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸੀ ਦੇ ਐਮਪੀ ਗੁਰਜੀਤ ਸਿੰਘ ਔਜਲਾ ਨੂੰ 445032 ਵੋਟਾਂ ਹਾਸਲ ਹੋਈਆਂ। ਜਦ ਕਿ ਭਾਜਪਾ ਦੇ ਹਰਦੀਪ ਸਿੰਘ ਪੁਰੀ ਨੂੰ 345406 ਵੋਟਾਂ ਅਤੇ ਕੁਲਦੀਪ ਧਾਲੀਵਾਲ ਨੂੰ 19800 ਵੋਟਾਂ ਹਾਸਲ ਹੋਈਆਂ, ਆਪ ਦਾ ਇਹ ਸਭ ਤੋਂ ਮਾੜਾ ਪ੍ਰਦਰਸ਼ਨ ਸੀ। ਜਦ ਕਿ ਔਜਲਾ ਇਹ ਚੋਣ 99626 ਵੋਟਾਂ ਦੇ ਫਰਕ ਨਾਲ ਜਿੱਤੇ ਸਨ।