ਨਿਊਜ਼ ਡੈਸਕ: ਬੀਤੇ ਦਿਨੀਂ ਮੋਹਾਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਰੋਡ ‘ਤੇ ਕਟਾਨੀ ਪ੍ਰੀਮੀਅਮ ਢਾਬੇ ‘ਤੇ ਰੋਟੀ ਖਾ ਰਹੇ ਬੰਟੀ ਬੈਂਸ ‘ਤੇ ਫਾਇਰਿੰਗ ਕਰਨ ਦੇ ਮਾਮਲੇ ‘ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮੋਹਾਲੀ ਪੁਲਿਸ ਨੇ ਲੱਕੀ ਪਟਿਆਲ ਦੇ 2 ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਵਾਰਦਾਤ ਦੀ ਪਲੈਨਿੰਗ ਕਰਨ ਵਾਲੇ ਮੁੱਖ ਆਰੋਪੀ ਅਰਸ਼ਜੋਤ ਸਿੰਘ ਉਰਫ ਅਰਸ਼ ਅਤੇ ਰਾਣਾ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਮੋਹਾਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋਵਾਂ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਨੇ ਇੱਕ ਹਫਤੇ ਪਹਿਲਾਂ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ। ਪੰਜਾਬ ਏਜੀਟੀਐਫ ਨੇ ਦਵਿੰਦਰ ਬੰਬੀਹਾ ਗੈਂਗ ਦੇ ਇੱਕ ਸਾਥੀ ਅੰਮ੍ਰਿਤਪਾਲ ਸਿੰਘ ਉਰਫ ਨੰਨੂ ਨੂੰ ਮੋਹਾਲੀ ਦੇ ਪਿੰਡ ਬਲੌਂਗੀ ਤੋਂ ਗ੍ਰਿਫਤਾਰ ਕੀਤਾ ਸੀ। ਉਹ ਵੀ ਇਸੇ ਫਾਈਰਿੰਗ ਮਾਮਲੇ ਵਿੱਚ ਸ਼ਾਮਲ ਸੀ। ਉਸ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਨੇ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰਿਆ ਕਾਲ ਆਇਆ ਸੀ, ਧਮਕੀ ਦੇਣ ਵਾਲੇ ਵਿਅਕਤੀ ਨੇ ਉਨ੍ਹਾਂ ਤੋਂ 1 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ। ਅਤੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਹ ਕਾਲ ਮੋਸਟ ਵਾਂਟੇਡ ਗੈਂਗਸਟਰ ਲੱਕੀ ਪਟਿਆਲ ਦੇ ਨਾਂਅ ‘ਤੇ ਕੀਤੀ ਗਈ ਸੀ। ਲੱਕੀ ਪਟਿਆਲ ਕੈਨੇਡਾ ਰਹਿੰਦਾ ਹੈ, ਜੋ ਬੰਬੀਹਾ ਗੈਂਗ ਦੀ ਅਗਵਾਈ ਕਰ ਰਿਹਾ ਹੈ।