ਪੰਜਾਬ ਸਰਕਾਰ ਨੇ ਪੰਜਾਬੀ ਨੌਜਵਾਨਾਂ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕੀਤੇ ਜਾਣ ਦੇ ਮਾਮਲੇ ‘ਚ ਚੁੱਕਿਆ ਕਦਮ

Global Team
2 Min Read

ਚੰਡੀਗੜ੍ਹ: ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਰੂਸੀ ਮਿਲਟਰੀ ਵਿੱਚ ਭਰਤੀ ਕਰਕੇ ਯੂਕਰੇਨ ਦੀ ਜੰਗ ਵਿੱਚ ਭੇਜੇ ਜਾਣ ਦੀਆਂ ਮੀਡੀਆ ਰਿਪੋਰਟਾਂ ਦੇ ਚਲਦਿਆਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਮਸਲਾ ਵਿਦੇਸ਼ ਮੰਤਰਾਲੇ ਅਤੇ ਭਾਰਤ ਵਿੱਚ ਰੂਸੀ ਸਫ਼ੀਰ ਕੋਲ ਉਠਾਇਆ ਹੈ।

ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਉਂਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਬੜਾ ਗੰਭੀਰ ਮਾਮਲਾ ਹੈ, ਜਿਸ ਨੂੰ ਜਲਦ ਹੱਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਪੰਜਾਬ ਨਾਲ ਸਬੰਧਤ ਹਨ , ਜੋ ਵਿਜ਼ਟਰ ਵੀਜ਼ੇ ’ਤੇ ਰੂਸ ਗਏ ਸਨ, ਪਰ ਉਨ੍ਹਾਂ ਨੂੰ ਜ਼ਬਰਨ ਰੂਸੀ ਮਿਲਟਰੀ ਵਿੱਚ ਸ਼ਾਮਲ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਦੀ ਜੰਗ ਦੌਰਾਨ ਮੌਤ ਹੋ ਗਈ ਸੀ।

ਧਾਲੀਵਾਲ ਨੇ ਅਪੀਲ ਕੀਤੀ ਕਿ ਇਨ੍ਹਾਂ ਨੌਜਵਾਨਾਂ ਦੀ ਘਰ ਵਾਪਸੀ ਲਈ ਯੋਗ ਮਦਦ ਮੁਹੱਈਆ ਕਰਵਾਉਣ ਲਈ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵੀਜ਼ਾ ਨਿਯਮਾਂ ਜਾਂ ਇਮੀਗ੍ਰੇਸ਼ਨ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਏਜੰਟਾਂ ਨੇ ਨੌਕਰੀਆਂ ਦਾ ਝਾਂਸਾ ਦੇ ਕੇ ਰੂਸੀ ਫੌਜ ਵਿੱਚ ‘ਹੈਲਪਰ’ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ।

ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਜੰਗ ਦੌਰਾਨ ਮਾਰੇ ਗਏ ਨੌਜਵਾਨਾਂ ਦੀ ਲਾਸ਼ ਨੂੰ ਵਾਪਸ ਲਿਆਂਦਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਸੱਤ ਨੌਜਵਾਨ ਗਗਨਦੀਪ ਸਿੰਘ, ਲਵਪ੍ਰੀਤ ਸਿੰਘ, ਨਰਾਇਣ ਸਿੰਘ, ਗੁਰਪ੍ਰੀਤ ਸਿੰਘ (21), ਗੁਰਪ੍ਰੀਤ ਸਿੰਘ (23) ਅਤੇ ਹੋਰ ਯੂਕਰੇਨ ਦੇ ਯੁੱਧ ਖੇਤਰ ਵਿੱਚ ਫਸੇ ਹੋਏ ਹਨ।

Share This Article
Leave a Comment