ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਬੁਲਾਰੇ ਨੀਲ ਗਰਗ ਨੇ ਪੱਛਮੀ ਬੰਗਾਲ ਦੇ ਸੰਦੇਸਖਾਲੀ ਦੀ ਘਟਨਾ ਨੂੰ ਭਾਜਪਾ ਦੀ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਇਸ ਘਟਨਾ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਬੁੱਧਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਬੁਲਾਰੇ ਜਸਤੇਜ ਸਿੰਘ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੀਲ ਗਰਗ ਨੇ ਕਿਹਾ ਕਿ ਬੰਗਾਲ ਦੀ ਧਰਤੀ ਰਬਿੰਦਰਨਾਥ ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਦੀ ਧਰਤੀ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਭਾਜਪਾ ਲਗਾਤਾਰ ਬੰਗਾਲ ਵਿੱਚ ਅਲਪਸੰਖਿਅਕਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਸਿੱਖਾਂ ਅਤੇ ਅਲਪਸੰਖਿਅਕਾਂ ਵਿਰੁੱਧ ਬਿਰਤਾਂਤ ਕਾਇਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਸ ਲਈ ਸਪੱਸ਼ਟ ਤੌਰ ‘ਤੇ ਜ਼ਿੰਮੇਵਾਰ ਹੈ ਕਿਉਂਕਿ ਇਨ੍ਹਾਂ ਘਟਨਾਵਾਂ ਦੀ ਰੂਪ-ਰੇਖਾ ਦਿੱਲੀ ‘ਚ ਹੀ ਤੈਅ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਆਗੂ ਨਾ ਸਿਰਫ਼ ਅਲਪਸੰਖਿਅਕਾਂ ਖ਼ਿਲਾਫ਼ ਅਪਸ਼ਬਦ ਬੋਲਦੇ ਹਨ, ਸਗੋਂ ਦੇਸ਼ ਦੇ ਕਿਸਾਨਾਂ ਤੇ ਫ਼ੌਜੀਆਂ ਪ੍ਰਤੀ ਵੀ ਅਪਸ਼ਬਦ ਬੋਲਦੇ ਹਨ। ਦਰਅਸਲ ਭਾਜਪਾ ਦੇਸ਼ ਨੂੰ ਧਰਮ ਦੇ ਆਧਾਰ ‘ਤੇ ਵੰਡਣਾ ਚਾਹੁੰਦੀ ਹੈ, ਪਰ ਇਸ ਦੇ ਨਾਪਾਕ ਇਰਾਦੇ ਕਦੇ ਵੀ ਕਾਮਯਾਬ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਨਫ਼ਰਤੀ ਏਜੰਡੇ ਰਾਹੀਂ ਪਿਛਲੇ 10 ਸਾਲਾਂ ਵਿੱਚ ਦੇਸ਼ ਦਾ ਵੱਡਾ ਆਰਥਿਕ, ਸਮਾਜਿਕ ਅਤੇ ਸਿਆਸੀ ਨੁਕਸਾਨ ਕੀਤਾ ਹੈ। ਅੰਗਰੇਜ਼ਾਂ ਨੇ ਵੀ ਦੇਸ਼ ਦਾ ਇੰਨਾ ਨੁਕਸਾਨ ਨਹੀਂ ਕੀਤਾ ਹੋਵੇਗਾ।
ਆਮ ਆਦਮੀ ਪਾਰਟੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੋਂ ਮੰਗ ਕਰਦੀ ਹੈ ਕਿ ਇਸ ਮੁੱਦੇ ਤੇ ਜਲਦੀ ਤੋਂ ਜਲਦੀ ਸਪੱਸ਼ਟੀਕਰਨ ਦੇਵੇ ਅਤੇ ਮੁਆਫੀ ਮੰਗੇ। ਉਨ੍ਹਾਂ ਇਸ ਘਟਨਾ ਲਈ ਜ਼ਿੰਮੇਵਾਰ ਬੰਗਾਲ ਭਾਜਪਾ ਆਗੂਆਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਵੀ ਕੀਤੀ।