ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ 25 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਰੋਜ਼ਪੁਰ ਵਿਚ 100 ਬਿਸਤਰਿਆਂ ਵਾਲੇ ਪੀ ਜੀ ਆਈ ਸੈਟੇਲਾਈਟ ਕੇਂਦਰ ਦਾ ਨੀਂਹ ਪੱਥਰ ਰੱਖਣ ਮਗਰੋਂ ਇਸਦੀ ਉਸਾਰੀ ਸ਼ੁਰੂ ਹੋ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਰਹੱਦੀ ਪੱਟੀ ਦੇ ਲੋਕਾਂ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸੈਟੇਲਾਈਟ ਕੇਂਦਰ ਜਿਸ ਲਈ ਜ਼ਮੀਨ 2016 ਵਿਚ ਅਕਾਲੀ ਦਲ ਦੀ ਸਰਕਾਰ ਨੇ ਦਿੱਤੀ ਸੀ, ਹੁਣ ਆਖਿਰਕਾਰ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਸਮੇਤ ਸਮੇਂ ਦੀਆਂ ਰਾਜ ਸਰਕਾਰਾਂ ਨੇ ਪ੍ਰਾਜੈਕਟ ਵਿਚ ਫੁਰਤੀ ਲਿਆਉਣ ਲਈ ਕੋਈ ਯਤਨ ਨਹੀ਼ ਕੀਤਾ ਤੇ ਉਹਨਾਂ ਨੇ ਇਹ ਮਾਮਲਾ ਕੇਂਦਰੀ ਪਰਿਵਾਰ ਭਲਾਈ ਮੰਤਰੀ ਕੋਲ ਤੇ ਫਿਰ ਸੰਸਦ ਵਿਚ ਚੁੱਕਿਆ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਕ ਵਾਰ ਮੁਕੰਮਲ ਹੋਣ ਮਗਰੋਂ ਸੈਟੇਲਾਈਟ ਕੇਂਦਰ ਸਰਹੱਦੀ ਪੱਟੀ ਦੇ ਲੋਕਾਂ ਵਾਸਤੇ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਸਰਹੱਦੀ ਪੱਟੀ ਦੇ ਲੋਕਾਂ ਨੂੰ ਹੁਣ ਵਿਸ਼ੇਸ਼ ਮੁਹਾਰਤ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਮਿਲ ਸਕਣਗੀਆਂ ਤੇ ਇਹਨਾਂ ਸੇਵਾਵਾਂ ਵਾਸਤੇ ਉਹਨਾਂ ਨੂੰ ਦੂਰ ਦੁਰਾਡੇ ਨਹੀਂ ਜਾਣਾ ਪਵੇਗਾ।
ਸੁਖਬੀਰ ਬਾਦਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਪੂਰੀ ਯੋਜਨਾ ਤੇ ਵਿਸਥਾਰਿਤ ਪ੍ਰਾਜੈਕਟ ਰਿਪੋਰਟ ਲਈ ਟੈਂਡਰ ਨਵੰਬਰ 2023 ਵਿਚ ਕੇਂਦਰ ਸਰਕਾਰ ਨੇ ਅਲਾਟ ਕਰ ਦਿੱਤੇ ਸਨ।ਉਹਨਾਂ ਕਿਹਾ ਕਿ ਮੇਨੂੰ ਵਿਸ਼ਵਾਸ ਹੈ ਕਿ ਇਸ ਪ੍ਰਾਜੈਕਟ ਦਾ ਰਸਮੀ ਤੌਰ ’ਤੇ ਨੀਂਹ ਪੱਥਰ ਰੱਖਣ ਨਾਲ ਇਸਦੀ ਉਸਾਰੀ ਤੇਜ਼ ਰਫਤਾਰ ਨਾਲ ਹੋਵੇਗੀ।