ਚੰਡੀਗੜ੍ਹ: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੂੰ 16 ਤੋਂ 18 ਫਰਵਰੀ ਤੱਕ ਜਰਮਨੀ ਦੇ ਮਿਊਨਿਖ ਸ਼ਹਿਰ ਵਿੱਚ ਹੋਈ ਤਿੰਨ-ਰੋਜ਼ਾ ਮਿਊਨਿਖ ਸੁਰੱਖਿਆ ਕਾਨਫਰੰਸ ਵਿੱਚ ਸੱਦਾ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਤਿੰਨ ਤੋਂ ਚਾਰ ਅਹਿਮ ਪ੍ਰੋਗਰਾਮਾਂ ਬਾਰੇ ਗੱਲਬਾਤ ਕੀਤੀ। ਇਸ ਕਾਨਫਰੰਸ ਵਿੱਚ ਦੁਨੀਆ ਭਰ ਦੇ ਡਿਪਲੋਮੈਟਾਂ, ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ। ਕਾਨਫਰੰਸ ਵਿੱਚ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਸਮੇਤ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ, ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਮੌਜੂਦ ਸਨ।
ਕਾਨਫਰੰਸ ਦੌਰਾਨ ਸ਼ੇਰਗਿੱਲ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅੱਜ ਦੁਨੀਆ ਇਹ ਜਾਣਨ ਲਈ ਉਤਸੁਕ ਹੈ ਕਿ ਕਿਵੇਂ ਭਾਰਤ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਬਣ ਗਿਆ ਹੈ ਅਤੇ ਕਿਵੇਂ ਮਹਾਂਮਾਰੀ ਅਤੇ ਹੋਰ ਰੁਕਾਵਟਾਂ ਦੇ ਬਾਵਜੂਦ ਭਾਰਤ ਨਿਵੇਸ਼ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ ਵਿਕਾਸ ਦੇ ਰਾਹ ਬਾਰੇ ਕਾਨਫਰੰਸ ਵਿੱਚ ਸਪਸ਼ਟ ਤੌਰ ’ਤੇ ਸਨਮਾਨ ਅਤੇ ਉਤਸੁਕਤਾ ਸੀ। ਸ਼ੇਰਗਿੱਲ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਵਿਸ਼ਵ ਭਰ ਵਿੱਚ ਚੱਲ ਰਹੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ।
ਸ਼ੇਰਗਿੱਲ ਨੇ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਦੇਸ਼ਾਂ ਨੂੰ ਮਹੱਤਵਪੂਰਨ ਮੁੱਦਿਆਂ ‘ਤੇ ਹੱਲ ਮੁਹੱਈਆ ਕਰਵਾ ਕੇ ਭਾਰਤ ਨੂੰ ਦੁਨੀਆ ਦਾ ਮਿੱਤਰ ਬਣਾਉਣ ਤੋਂ ਇਲਾਵਾ, ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਿੱਚ ਤਬਦੀਲ ਕੀਤਾ ਹੈ। ਇਸ ਦੌਰਾਨ ਸ਼ੇਰਗਿੱਲ ਨੇ ਆਪਣੇ ਸੰਬੋਧਨ ਵਿੱਚ ਸਪਲਾਈ ਚੇਨ ਰਿਸਾਈਲੇਂਸ ਦੇ ਸਬੰਧ ਵਿੱਚ ਭਾਰਤ ਦੀ ਪਹੁੰਚ ਬਾਰੇ ਵੀ ਗੱਲ ਕੀਤੀ। ਉਨ੍ਹਾਂ ਇਸ ਮੌਕੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨਾ ਸਿਰਫ਼ ਨਿਵੇਸ਼ ਦਾ ਕੇਂਦਰ ਬਣਨ ਵੱਲ ਧਿਆਨ ਦੇ ਰਿਹਾ ਹੈ, ਸਗੋਂ ਮਜ਼ਬੂਤ ਸਪਲਾਈ ਲੜੀ ਬਣਾ ਕੇ ਪੂਰੇ ਖੇਤਰ ਦੀ ਤਰੱਕੀ ਲਈ ਕੰਮ ਕਰ ਰਿਹਾ ਹੈ।
ਇਸ ਮੌਕੇ ‘ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੇਰਗਿੱਲ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇੰਡੋ-ਪੈਸੀਫਿਕ ਇਕਨਾਮਿਕ ਫਰੇਮਵਰਕ (ਆਈਪੀਈਐਫ), ਰਿਸਪਾਂਸੀਬਲ ਸਪਲਾਈ ਚੇਨ ਇਨੀਸ਼ੀਏਟਿਵ (ਆਰਐਸਸੀਆਈ), ਇੰਡੀਆ – ਮਿਡਲ ਈਸਟ – ਯੂਰੋਪ ਇਕੋਨੋਮਿਕ ਕੋਰੀਡੋਰ (ਆਈਐਮਈਆਈ ਕੋਰੀਡੋਰ), ਇੰਡੋ-ਪੈਸੀਫਿਕ ਅਲਾਇੰਸ, ਫ੍ਰੀ ਟਰੇਡ ਅਲਾਇੰਸ (ਐਫਟੀਏ) ‘ਤੇ ਹਸਤਾਖਰ ਕਰਨ ਸਣੇ ਪ੍ਰੋਡਕਸ਼ਨ ਲਿਕਵਿਡ ਇਨਸੇਂਟਿਵ (ਪੀਐਲਆਈ ਸਕੀਮਾਂ), ਬੁਨਿਆਦੀ ਢਾਂਚੇ ਤੇ ਖਰਚ ਅਤੇ ਮੇਕ ਇਨ ਇੰਡੀਆ ਵਰਗੀਆਂ ਘਰੇਲੂ ਪਹਿਲਕਦਮੀਆਂ ਭਾਰਤ ਦੀ ਵਿਕਾਸ ਦਰ ਵਿਚ ਤੇਜ਼ੀ ਲਿਆ ਰਹੀਆਂ ਹਨ ਅਤੇ ਸਪਲਾਈ ਚੇਨ ਦੀਆਂ ਕਮਜ਼ੋਰੀਆਂ ਦੂਰ ਕਰ ਰਹੀਆਂ ਹਨ।
ਸ਼ੇਰਗਿੱਲ ਨੇ ਆਪਣੇ ਸੰਬੋਧਨ ‘ਚ ਇਹ ਵੀ ਕਿਹਾ ਕਿ ਨੇਬਰਹੁੱਡ ਫਸਟ ਨੀਤੀ ‘ਤੇ ਜ਼ੋਰ ਦਿੰਦਿਆਂ, ਇੰਡੋ-ਪੈਸੀਫਿਕ ‘ਚ ਨੇਟ-ਸੁਰੱਖਿਆ ਪ੍ਰਦਾਨ ਕਰਨ ਵਾਲਾ ਬਣ ਕੇ ਅਤੇ ਮੱਧ ਪੂਰਬ ਤੇ ਪੱਛਮ ਨਾਲ ਮਿਲ ਕੇ ਕੰਮ ਕਰਨ ਨਾਲ ਭਾਰਤ ਸਾਰੇ ਖੇਤਰਾਂ ‘ਚ ਫਰੰਟ ਫੁੱਟ ‘ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਕਿਸੇ ਦਾ ਪੱਖ ਲੈਣ ਬਾਰੇ ਨਹੀਂ ਹੈ, ਸਗੋਂ ਰਣਨੀਤਕ ਖੁਦਮੁਖਤਿਆਰੀ ਤੇ ਦੂਰੀਆਂ ਨੂੰ ਮਿਟਾਉਣ ਦੀ ਹੈ।
ਸ਼ੇਰਗਿੱਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਸਪੱਸ਼ਟ ਹੈ ਕਿ ਭਾਰਤ ਸ਼ਾਂਤੀ, ਕਾਨੂੰਨ ਦੇ ਸ਼ਾਸਨ, ਤਰੱਕੀ ਅਤੇ ਸਵੱਛ ਵਾਤਾਵਰਣ ਦੇ ਹੱਕ ਵਿੱਚ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਸਦਕਾ ਵਿਸ਼ਵ ਵਿੱਚ ਭਾਰਤ ਦਾ ਸਨਮਾਨ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤ ਕੈਂਪ ਫਾਲੋਅਰ ਬਣਨ ਦੀ ਬਜਾਏ ਏਜੰਡਾ ਸੇਟਰ ਬਣ ਗਿਆ ਹੈ। ਉਨ੍ਹਾਂ ਨੇ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ ਬੇਮਿਸਾਲ ਆਰਥਿਕ ਵਿਕਾਸ ਅਤੇ ਗਲੋਬਲ ਸਾਊਥ ਦੀ ਆਵਾਜ਼ ਵਜੋਂ ਇਸਦੇ ਉਭਰਨ ਬਾਰੇ ਵੀ ਗੱਲ ਕੀਤੀ।