ਵਾਸ਼ਿੰਗਟਨ: ਅਮਰੀਕਾ ਦੇ ਅਲਬਾਮਾ ‘ਚ ਦੇਸ਼ ‘ਚ ਪਹਿਲੀ ਵਾਰ ਨਾਈਟ੍ਰੋਜਨ ਗੈਸ ਦੀ ਵਰਤੋਂ ਕਰਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਸ ਤੋਂ ਬਾਅਦ ਅਮਰੀਕਾ ਵਿੱਚ ਮੁੜ ਮੌਤ ਦੀ ਸਜ਼ਾ ਨੂੰ ਲੈ ਕੇ ਬਹਿਸ ਛਿੜ ਗਈ ਹੈ। ਕੇਨੇਥ ਯੂਜੀਨ ਸਮਿਥ (58) ਨੂੰ ਵੀਰਵਾਰ ਨੂੰ ਫੇਸ ਮਾਸਕ ਪਹਿਨਾ ਕੇ ਨਾਈਟ੍ਰੋਜਨ ਗੈਸ ਸਾਹ ਸੁੰਘਾਈ ਗਈ, ਜਿਸ ਕਾਰਨ ਉਸ ਦੇ ਸਰੀਰ ਵਿੱਚ ਆਕਸੀਜਨ ਦੀ ਕਮੀ ਕਾਰਨ ਉਸ ਦੀ ਮੌਤ ਹੋ ਗਈ।
ਰਿਪੋਰਟਾਂ ਮੁਤਾਬਕ ਅਲਾਬਾਮਾ ਜੇਲ੍ਹ ਵਿੱਚ ਰਾਤ 8:25 ਵਜੇ ਸਮਿਥ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਣਯੋਗ ਹੈ ਕਿ ਅਮਰੀਕਾ ‘ਚ ਜਾਨਲੇਵਾ ਟੀਕੇ ਰਾਹੀਂ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ 1982 ਤੋਂ ਬਾਅਦ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਮੌਤ ਦੀ ਸਜ਼ਾ ਦੇਣ ਲਈ ਇਹ ਤਰੀਕਾ ਆਮ ਤੌਰ ‘ਤੇ ਅਪਣਾਇਆ ਜਾਂਦਾ ਹੈ।
ਖਬਰਾਂ ਮੁਤਾਬਕ ਸਮਿਥ ਮੌਤ ਤੋਂ ਪਹਿਲਾਂ ਕਈ ਮਿੰਟਾਂ ਤੱਕ ਹੋਸ਼ ਵਿੱਚ ਨਜ਼ਰ ਆਇਆ ਅਤੇ ਦੋ ਮਿੰਟ ਤੱਕ ਉਹ ਬੁਰੀ ਤਰ੍ਹਾਂ ਕੰਬਦਾ ਰਿਹਾ। ਇਸ ਤੋਂ ਬਾਅਦ ਕਈ ਮਿੰਟਾਂ ਤੱਕ ਡੂੰਘੇ ਸਾਹ ਲਏ। ਇਸ ਤੋਂ ਬਾਅਦ ਉਸ ਦਾ ਸਾਹ ਹੌਲੀ ਹੋਣ ਲੱਗਿਆ ਅਤੇ ਕੁਝ ਹੀ ਸਮੇਂ ਅੰਦਰ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਸਮਿਥ ਅਤੇ ਉਸ ਦੇ ਇੱਕ ਸਾਥੀ ਨੂੰ 1989 ਵਿੱਚ ਇੱਕ ਪ੍ਰਚਾਰਕ ਦੀ ਪਤਨੀ ਐਲਿਜ਼ਾਬੈਥ ਸੈਨੇਟ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਲੋਕਾਂ ਨੇ ਇਸ ਕਤਲ ਲਈ ਪੈਸੇ ਲਏ ਸਨ। ਦੋਵਾਂ ਨੇ ਪਹਿਲਾਂ ਉਸ ਨੂੰ ਚਾਕੂ ਮਾਰਿਆ ਅਤੇ ਫਿਰ ਕੁੱਟ-ਕੁੱਟ ਕੇ ਮਾਰ ਦਿੱਤਾ। ਸਮਿਥ ਅਤੇ ਉਸ ਦੇ ਸਾਥੀ ਨੂੰ ਇਸ ਦੇ ਲਈ ਇੱਕ ਹਜ਼ਾਰ ਡਾਲਰ ਦਿੱਤੇ ਗਏ ਸਨ।
ਅਮਰੀਕਾ ‘ਚ ਨਾਈਟ੍ਰੋਜਨ ਰਾਹੀਂ ਮੌਤ ਦੀ ਸਜ਼ਾ ਦਾ ਇਹ ਪਹਿਲਾ ਮਾਮਲਾ ਹੈ। 1988 ਦੇ ਕਤਲ ਕੇਸ ਦੇ ਦੋਸ਼ੀ ਸਮਿਥ ਨੂੰ 2022 ‘ਚ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਕਿਸੇ ਤਕਨੀਕੀ ਖਰਾਬੀ ਕਾਰਨ ਇਸ ਨੂੰ ਆਖਰੀ ਸਮੇਂ ‘ਤੇ ਰੋਕ ਦਿੱਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।