ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਵਾਸਤੇ ਨਿੱਜੀ ਲਾਭ ਲੈਣ ਲਈ ਸੱਤਾ ਦੀ ਘੋਰ ਦੁਰਵਰਤੋਂ ਨੂੰ ਬੇਨਕਾਬ ਕੀਤਾ ਤੇ ਪਾਰਟੀ ਨੇ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਨੂੰ ਠਹਿਰਾਉਣ ਲਈ ਸਰਕਾਰੀ ਸਕੂਲਾਂ ਦੀ ਦੁਰਵਰਤੋਂ ਕਰਨ ਤੇ ਉਹਨਾਂ ਵਿਚ ਛੁੱਟੀ ਘੋਸ਼ਤ ਕਰਨ ਦੀ ਨਿਖੇਧੀ ਕੀਤੀ। ਪਾਰਟੀ ਨੇ ਸੀਨੀਅਰ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਮੁਆਫੀ ’ਤੇ ਦਿੱਤੇ ਪ੍ਰਤੀਕਰਮ ਦਾ ਵੀ ਸਵਾਗਤ ਕੀਤਾ।
ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਦੀ ਬੁਲਾਰਾ ਸ਼ਮਿੰਦਰ ਕੌਰ ਤੇ ਕੈਂਪਸ ਪ੍ਰਧਾਨ ਭੂਰਾ ਸਿੰਘ ਸਮੇਤ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਤੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਨੇ ਦੱਸਿਆ ਕਿ ਆਪ ਸਰਕਾਰ ਨੇ 5 ਸਤੰਬਰ 2023 ਨੂੰ ਚੰਡੀਗੜ੍ਹ ਨੇੜਲੇ ਫਾਰੈਸਟ ਹਿੱਲ ਰਿਜ਼ੋਰਟ ਨੂੰ ਨੋਟਿਸ ਕਰ ਕੇ ਉਸ ’ਤੇ ਨਿਯਮਾਂ ਦੀ ਘੋਰ ਉਲੰਘਣਾ ਕਰਨ ਦੇ ਦੋਸ਼ ਲਗਾਏ। ਉਹਨਾਂ ਦੱਸਿਆ ਕਿ ਰਿਜ਼ੋਰਟ ਅਧਿਕਾਰੀਆਂ ਨੇ ਇਹਨਾਂ ਦੋਸ਼ਾਂ ਦਾ ਜਵਾਬ 13 ਅਕਤੂਬਰ 2023 ਨੂੰ ਵਿਸਥਾਰਿਤ ਤੌਰ ’ਤੇ ਉਸ ਵਿਭਾਗ ਨੂੰ ਦਿੱਤਾ ਜਿਸਦੇ ਮੁਖੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹਨ।
ਉਹਨਾਂ ਦੱਸਿਆਕਿ ਸਰਕਾਰ ਨੇ ਲੋਕਾਂ ਨੂੰ ਨਹੀਂ ਦੱਸਿਆ ਕਿ ਰਿਜ਼ੋਰਟ ਅਧਿਕਾਰੀਆਂ ਦਾ ਜਵਾਬ ਕੀ ਸੀ ਤੇ ਉਹਨਾਂ ਨੇ ਰਿਨਜ਼ੋਰਟ ਖਿਲਾਫ ਨਿਯਮਾਂ ਦੀ ਉਲੰਘਣਾ ਲਈ ਕੀ ਕਾਰਵਾਈ ਕੀਤੀ ਹੈ ਪਰ ਇਸ ਰਿਜ਼ੋਰਟ ਵਿਚ 7 ਨਵੰਬਰ 2023 ਨੂੰ ਮੰਤਰੀ ਮੀਤ ਹੇਅਰ ਦੇ ਵਿਆਹ ਦਾ ਪ੍ਰੋਗਰਾਮ ਜ਼ਰੂਰ ਹੋ ਗਿਆ।
ਉਹਨਾਂ ਦੱਸਿਆ ਕਿ ਸਰਕਾਰ ਦੀ ਇਹ ਕਾਰਵਾਈ ਸੰਕੇਤ ਦਿੰਦੀ ਹੈ ਕਿ ਮਾਮਲੇ ਵਿਚ ਭ੍ਰਿਸ਼ਟਾਚਾਰ ਹੋਇਆ ਹੈ। ਉਹਨਾਂ ਕਿਹਾ ਕਿ ਇਹ ਉਹੀ ਮੰਤਰੀ ਹੈ ਜਿਸ ’ਤੇ ਪਹਿਲਾਂ ਅੰਮ੍ਰਿਤਸਰ ਵਿਚ ਕੁਲਚਾ ਖਾਣ ਲਈ ਹੋਟਲ ਨੂੰ ਨੋਟਿਸ ਜਾਰੀ ਕਰਨ ਦੇ ਦੋਸ਼ ਲੱਗੇ ਸਨ। ਉਹਨਾਂ ਕਿਹਾਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕਾਰਵਾਈਆਂ ਸੰਕੇਤ ਦਿੰਦੀਆਂ ਹਨ ਕਿ ਲੁਕਵੇਂ ਏਜੰਡੇ ਤਹਿਤ ਸੱਤਾਧਾਰੀਪਾਰਟੀ ਦੇ ਮੈਂਬਰਾਂ ਦੇ ਨਿੱਜੀ ਲਾਹੇ ਵਾਸਤੇ ਕੁਝ ਨਾ ਕੁਝ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਮਲੇ ’ਤੇ ਸਾਰੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
ਇਕ ਹੋਰ ਮੁੱਦਾ ਚੁੱਕਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਆਪ ਸਰਕਾਰ ਨੇ ਪਹਿਲਾਂ ਹੁਕਮ ਜਾਰੀ ਕੀਤੇ ਸਨ ਕਿ 16 ਦਸੰਬਰ 2023 ਨੂੰ ਸਰਕਾਰੀ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਹੋਵੇਗੀ। ਅੱਜ ਇਹ ਹੁਕਮ ਜਾਰੀ ਕਰ ਦਿੱਤੇ ਗਏ ਕਿ ਬਠਿੰਡਾ ਵਿਚ ਮੁੱਖ ਮੰਤਰੀ ਨੇ ਰੈਲੀ ਕਰਨੀ ਹੈ ਤੇ ਉਹਨਾਂ ਦੀ ਸੁਰੱਖਿਆ ਟੀਮ ਦੇ ਠਹਿਰਣ ਲਈ ਸਕੂਲ ਖਾਲੀ ਰੱਖੇ ਜਾਣ ਤੇ ਉਹਨਾਂ ਸਕੂਲਾਂ ਵਿਚ ਛੁੱਟੀ ਘੋਸ਼ਤ ਕਰ ਦਿੱਤੀ ਗਈ।
ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਵਿਦਿਆਰਥੀਆਂ ਦੀ ਭਲਾਈ ਤੇ ਸਿੱਖਿਆ ਪ੍ਰਤੀ ਬਿਲਕੁਲ ਵੀ ਚਿੰਤਤ ਨਹੀਂ ਬਲਕਿ ਉਸਨੂੰ ਚਿੰਤਾ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਕਿਥੇ ਠਹਿਰਾਈ ਜਾਵੇ।
ਬਿਸ਼ਨੋਈ ਇੰਟਰਵਿਊ ਦੀ ਗੱਲ ਕਰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਐਸ ਆਈ ਟੀ ਦਾ ਗਠਨ ਕੀਤਾ ਸੀ ਜਿਸਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦੱਸਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਇੰਟਰਵਿਊ ਕਰਨਾ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਬਿਸ਼ਨੋਈ ਦੀ ਦੂਜੀ ਇੰਟਰਵਿਊ ਵਿਚ ਉਸਦਾ ਉਹੀ ਚੇਹਰਾ ਮੋਹਰਾ ਵਿਖਾਈ ਦਿੱਤਾ ਜਿਸਦੀ ਤਸਵੀਰ ਪੰਜਾਬ ਪੁਲਿਸ ਨੇ ਜਾਰੀ ਕੀਤੀ ਸੀ। ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਬਰੀ ਕਰਵਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸੀਨੀਅਰ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਲੋ਼ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਮੁਆਫੀ ’ਤੇ ਦਿੱਤਾ ਪ੍ਰਤੀਕਰਮ ਹਾਂ ਪੱਖੀ ਹੁੰਗਾਰਾ ਹੈ ਤੇ ਨਾਲ ਹੀ ਕਿਹਾ ਕਿ ਭਵਿੱਖ ਵਿਚ ਕੀ ਹੋਵੇਗਾ, ਇਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਉਹਨਾਂ ਵਿਚਕਾਰ ਦੀ ਗੱਲ ਹੈ।
ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੋ ਕੀਤਾ, ਉਹ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਹਮਲੇ ਦੇ ਤੁੱਲ ਹੈ ਤੇ 1984 ਤੋਂ ਬਾਅਦ ਪਹਿਲੀ ਵਾਰ ਗੁਰਦੁਆਰਾ ਸਾਹਿਬ ’ਤੇ ਇਸ ਕਿਸਮ ਦਾ ਪੁਲਿਸ ਹਮਲਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਉਹ ਇੰਦਰਾ ਗਾਂਧੀ ਵਾਂਗੂ ਹੀ ਦੋਸ਼ੀ ਹਨ ਤੇ ਉਹਨਾਂ ਨੂੰ ਇਸ ਘਟਨਾ ਦੇ ਨਾਲ-ਨਾਲ ਮੋਰਿੰਡਾ, ਸ੍ਰੀ ਆਨੰਦਪੁਰ ਸਾਹਿਬ ਤੇ ਪਟਿਆਲਾ ਸਮੇਤ ਸੂਬੇ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਜਵਾਬ ਦੇਣਾ ਚਾਹੀਦਾ ਹੈ ਤੇ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਘਟਨਾਵਾਂ ਨਿਰੰਤਰ ਕਿਉਂ ਵਾਪਰ ਰਹੀਆਂ ਹਨ ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪੁੱਜਦੀ ਹੈ।