ਪਟਿਆਲਾ : ਪਟਿਆਲਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਅਤੇ ਲੁਧਿਆਣਾ ਭਾਜਪਾ ਦੇ ਇੰਚਾਰਜ ਹਰਿੰਦਰ ਕੋਹਲੀ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ।ਉਨ੍ਹਾਂ ਨੂੰ ਅੱਜ ਸਥਾਨਕ ਫੈਕਟਰੀ ਏਰੀਆ ਵਿਚ ਸਥਿਤ ਇੱਕ ਪੈਲੇਸ ਵਿਚ ਆਯੋਜਿਤ ਵਿਸ਼ੇਸ਼ ਸਮਾਗਮ ਵਿਚ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਵੱਲੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ ਗਿਆ ਹੈ।
ਉਨ੍ਹਾਂ ਦੇ ਨਾਲ ਭਾਜਪਾ ਦੇ ਕਈ ਮੌਜੂਦਾ ਅਹੁਦੇਦਾਰ, ਕਈ ਸਿਆਸੀ ਪਾਰਟੀਆਂ ਦੇ ਸਾਬਕਾ ਅਹੁਦੇਦਾਰ ਤੇ ਕਈ ਇਲਾਕਾ ਸੁਧਾਰ ਕਮੇਟੀਆਂ ਦੇ ਅਹੁਦੇਦਾਰ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ। ਭਾਰੀ ਬਰਸਾਤ ਦੇ ਬਾਵਜੂਦ ਹਰਿੰਦਰ ਕੋਹਲੀ ਦੇ ਸਮਰਥਕਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਹਰਿੰਦਰ ਕੋਹਲੀ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੈਂਕੜੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਹਰਿੰਦਰ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਲੰਮਾ ਸਮਾਂ ਭਾਜਪਾ ਵਿਚ ਰਹਿ ਕੇ ਸਮਾਜ ਸੇਵਾ ਕੀਤੀ ਹੈ ਅਤੇ ਇਹ ਸਮਾਜ ਸੇਵਾ ਆਮ ਆਦਮੀ ਪਾਰਟੀ ਵਿਚ ਵੀ ਹੋਰ ਵੀ ਦ੍ਰਿੜ ਇਰਾਦੇ ਨਾਲ ਜਾਰੀ ਰਹੇਗੀ। ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਹਰਿੰਦਰ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੇ ਡੇਢ ਸਾਲ ‘ਚ ਜੋ ਕੰਮ ਕੀਤੇ ਹਨ, ਉਹ ਸਭ ਤੋਂ ਬਿਹਤਰ ਹਨ। ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹ ਨਹੀਂ ਕੀਤਾ।