ਬਠਿੰਡਾ : ਪੰਜਾਬ ਦੇ ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਸੋਮਵਾਰ ਦੁਪਹਿਰ ਨੂੰ ਗੈਂਗਸਟਰਾਂ ਅਤੇ CIA ਵਨ ਦੀ ਟੀਮ ਵਿਚਕਾਰ ਮੁਕਾਬਲਾ ਹੋਇਆ। ਫਾਇਰਿੰਗ ਦੌਰਾਨ ਜਸਵਿੰਦਰ ਉਰਫ਼ ਗੋਦਾ ਨਾਮ ਦਾ ਗੈਂਗਸਟਰ ਜਖ਼ਮੀ ਹੋ ਗਿਆ ਜਦੋਂਕਿ ਉਸਦੇ ਸਾਥੀ ਬੁੱਧਰਾਮ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਜ਼ਖਮੀ ਗੈਂਗਸਟਰ ਨੂੰ ਪੁਲਿਸ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਹੈ।ਇਸ ਸਮੇਂ ਹਸਪਤਾਲ ਵਿੱਚ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ CIA ਪੁਲਿਸ ਫ਼ਿਰੌਤੀ ਦੇ ਮਾਮਲੇ ’ਚ ਇਨ੍ਹਾਂ ਦੋਹਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਪੁਲਿਸ ਨੇ ਉਕਤ ਗੈਂਗਸਟਰਾਂ ਨੂੰ ਤਲਵੰਡੀ ਸਾਬੋ ਦੇ ਇੱਕ ਪਿੰਡ ਨੇੜੇ ਘੇਰ ਲਿਆ। ਇਨ੍ਹਾਂ ਗੈਂਗਸਟਰਾਂ ਨੇ ਆਤਮ-ਸਪਰਪਣ ਕਰਨ ਦੀ ਥਾਂ ਮੁਕਾਬਲਾ ਕਰਦਿਆਂ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁੱਠਭੇੜ ਹੋ ਗਈ। ਜਵਾਬੀ ਗੋਲੀਬਾਰੀ ‘ਚ ਇਕ ਗੈਂਗਸਟਰ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਡੀਐਸਪੀ ਤਲਵੰਡੀ ਸਾਬੋ ਬੂਟਾ ਸਿੰਘ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਪੂਰਾ ਖੁਲਾਸਾ ਕਰਨਗੇ।