ਚੰਡੀਗੜ੍ਹ: ਸ਼ਨੀਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਦੇ ਸੈਕਟਰ-34 ਪ੍ਰਦਰਸ਼ਨੀ ਮੈਦਾਨ ‘ਚ ਪਹੁੰਚੇ। ਜਿੱਥੇ ਉਹਨਾਂ ਨੇ ਰੈਲੀ ਨੂੰ ਸੰਬੋਧਨ ਕੀਤਾ । ਉਨ੍ਹਾਂ ਦੇ ਨਾਲ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ, ਮੇਅਰ ਅਨੂਪ ਗੁਪਤਾ ਅਤੇ ਹਿਮਾਚਲ ਭਾਜਪਾ ਦੇ ਸਹਿ ਇੰਚਾਰਜ ਸੰਜੇ ਟੰਡਨ ਸਮੇਤ ਹੋਰ ਆਗੂ ਮੌਜੂਦ ਸਨ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਚੰਡੀਗੜ੍ਹ 1952 ਵਿਚ ਅੰਬਾਲਾ ਦਾ ਹਿੱਸਾ ਹੁੰਦਾ ਸੀ ਅਤੇ ਬਾਅਦ ਵਿਚ ਵੱਖ ਹੋ ਕੇ ਚੰਡੀਗੜ੍ਹ ਬਣ ਗਿਆ ਸੀ। ਉਹਨਾਂ ਨੇ ਦੱਸਿਆ ਕਿ ਉਹ ਕੁਝ ਮਹੀਨੇ ਪਹਿਲਾਂ ਹੀ ਚੰਡੀਗੜ੍ਹ ਆਏ ਸਨ ਤੇ ਇੱਥੋਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਿਮਾਚਲ ਪ੍ਰਦੇਸ਼-ਹਰਿਆਣਾ ਅਤੇ ਪੰਜਾਬ ਦਾ ਟ੍ਰਾਈ-ਜੰਕਸ਼ਨ ਹੈ। ਇਸ ਖੇਤਰ ਦੇ ਲੋਕ ਭਾਰਤੀ ਫੌਜ ਨੂੰ ਸਭ ਤੋਂ ਵੱਡਾ ਯੋਗਦਾਨ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਇੱਥੋਂ ਦੇ ਲੋਕਾਂ ਦਾ ਭਾਜਪਾ ਲਈ ਬਹੁਤ ਪਿਆਰ ਹੈ। ਉਨ੍ਹਾਂ ਨੇ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਹੈਰੀਟੇਜ ਸੈਂਟਰ ਦੀ ਆਪਣੀ ਫੇਰੀ ਨੂੰ ਵੀ ਯਾਦ ਕੀਤਾ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਅਧਿਆਤਮਿਕ ਅਤੇ ਪੁਰਾਤਨ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਅਤੇ ਇੱਥੇ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਵੀ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਧਰਤੀ ’ਤੇ ਆਧੁਨਿਕਤਾ, ਪੁਰਾਤਨਤਾ ਅਤੇ ਅਧਿਆਤਮਿਕਤਾ ਦਾ ਸੰਗਮ ਦੇਖਿਆ ਜਾ ਸਕਦਾ ਹੈ।
ਇਸ ਦੇ ਨਾਲ ਹੈ ਰਾਜਨਾਥ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਯਾਦ ਕਰਦੇ ਹੋਏ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਰਤ ਦੀ ਰਾਜਨੀਤੀ ਵਿੱਚ ਸਭ ਤੋਂ ਪੁਰਾਣੇ ਅਤੇ ਸੁਲਝੇ ਹੋਏ ਸਿਆਸਤਦਾਨ ਸਨ । ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਟੁੱਟ ਗਿਆ ਹੈ ਪਰ ਰਿਸ਼ਤੇ ਅਜੇ ਵੀ ਮਜ਼ਬੂਤ ਹਨ ।
ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਗਵਰਨਰ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਸਾਲ ਰਹੇ ਵਿਵਾਦ ‘ਤੇ ਵੀ ਚਰਚਾ ਕੀਤੀ । ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ , ਰਾਸ਼ਟਰਪਤੀ ਅਤੇ ਗਵਰਨਰ ਦੇ ਅਹੁਦੇ ਦਾ ਸਨਮਾਨ ਹੋਣਾ ਚਾਹੀਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕ਼ਾਨੂਨ ਵਿਵਸਥਾ ਕਾਫੀ ਵਿਗਾੜ ਗਈ ਹੈ ਕ਼ਾਨੂਨ ਵਿਵਸਥਾ ਦਾ ਬੁਰਾ ਹਾਲ ਹੈ।
ਕਰਤਾਰਪੁਰ ਸਾਹਿਬ ਬਾਰੇ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਪੰਜਾਬ ਤੋਂ ਮਹਿਜ਼ 4-5 ਕਿਲੋਮੀਟਰ ਦੀ ਦੂਰੀ ‘ਤੇ ਹੈ, ਪਰ ਜਦੋਂ ਦੇਸ਼ ਦੀ ਵੰਡ ਹੋਈ ਤਾਂ ਜੇਕਰ ਕਾਂਗਰਸ ਦੇ ਲੋਕਾਂ ਨੂੰ ਆਜ਼ਾਦੀ ਦਿਵਾਉਣ ਦੀ ਕਾਹਲ ਨਾ ਹੁੰਦੀ ਤਾਂ ਉਸ ਸਮੇਂ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਇਸ ਦਰਦ ਨੂੰ ਪਹਿਲੀ ਵਾਰ ਸਮਝਿਆ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਉਹਨਾਂ ਨੇ ਕਿਹਾ ਕਿ ਅੱਜ ਕਰਤਾਰਪੁਰ ਸਾਹਿਬ ਸਾਡੇ ਨਾਲ ਜੁੜ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ 9 ਸਾਲਾਂ ‘ਚ ਕੀ ਕੀਤਾ, ਇਹ ਲੋਕ ਬਿਹਤਰ ਜਾਣਦੇ ਹਨ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੁਰੀ ਅਤੇ ਪੁਲਵਾਮਾ ਘਟਨਾਵਾਂ ਤੋਂ ਬਾਅਦ ਲੋਕਾਂ ਵਿਚ ਨਿਰਾਸ਼ਾ ਦਾ ਮਾਹੌਲ ਸੀ, ਪਰ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ਼ 10 ਮਿੰਟਾਂ ਵਿਚ ਫ਼ੈਸਲਾ ਲੈ ਲਿਆ। ਇਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਦੀ ਧਰਤੀ ‘ਤੇ ਜਾ ਕੇ ਅੱਤਵਾਦੀਆਂ ਨੂੰ ਖ਼ਤਮ ਕਰਨ ‘ਚ ਸਫ਼ਲਤਾ ਹਾਸਲ ਕੀਤੀ ਸੀ। ਇਸ ਨੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਭਾਰਤ ਹੁਣ ਕਮਜ਼ੋਰ ਭਾਰਤ ਨਹੀਂ ਰਿਹਾ।