ਜੰਤਰ ਮੰਤਰ ਤੋਂ ਦਿੱਲੀ ਪੁਲਿਸ ਨੇ ਪਹਿਲਵਾਨਾਂ ਨੂੰ ਲਿਆ ਹਿਰਾਸਤ ‘ਚ, ਭਾਕਿਯੂ (ਏਕਤਾ-ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਤੁਰੰਤ ਰਿਹਾਈ ਦੀ ਕੀਤੀ ਮੰਗ

Rajneet Kaur
3 Min Read

ਚੰਡੀਗੜ੍ਹ:  ਭਾਕਿਯੂ (ਏਕਤਾ-ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤਹਿਤ ਅੱਜ ਹਜ਼ਾਰਾਂ ਔਰਤਾਂ ਵੱਲੋਂ ਮਹਿਲਾ ਪਹਿਲਵਾਨਾਂ ਦੇ ਹੱਕ ‘ਚ ਅਤੇ ਮੋਦੀ ਸਰਕਾਰ ਵੱਲੋਂ ਡਾਕਟਰ ਨਵਸ਼ਰਨ ਨੂੰ ਝੂਠੇ ਕੇਸ ‘ਚ ਫਸਾਉਣ ਦੇ ਕੀਤੇ ਜਾ ਰਹੇ ਯਤਨਾਂ ਵਿਰੁੱਧ ਗਵਰਨਰ ਹਾਊਸ ਵੱਲ ਰੋਹ ਭਰਪੂਰ ਮਾਰਚ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਂਅ ਭੇਜੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਦੋ ਮੁਕੱਦਮਿਆਂ ਚ ਨਾਮਜ਼ਦ ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਿਰਜ ਭੂਸ਼ਣ ਨੂੰ ਗਿਰਫ਼ਤਾਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜੰਤਰ ਮੰਤਰ ਤੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾ ਦੁਆਲੇ ਕੀਤੀ ਪੁਲਿਸ ਦੀ ਘੇਰਾਬੰਦੀ ਹਟਾਈ ਜਾਵੇ, ਜਮਹੂਰੀ ਹੱਕਾਂ ਦੀ ਉੱਘੀ ਸ਼ਖ਼ਸੀਅਤ ਡਾਕਟਰ ਨਵਸ਼ਰਨ ਨੂੰ ਈ ਡੀ ਰਾਹੀਂ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਨਵਸ਼ਰਨ ਸਮੇਤ ਹੋਰਨਾਂ ਔਰਤ ਕਾਰਕੁੰਨਾਂ ਨੂੰ ਝੂਠੇ ਕੇਸ ਫਸਾਉਣ ਦੇ ਯਤਨ ਰੱਦ ਕੀਤੇ ਜਾਣ। ਨਾਲ ਹੀ ਉਨ੍ਹਾਂ ਕਿਹਾ ਕਿ  ਗ੍ਰਿਫਤਾਰ ਕੀਤੇ ਲੋਕ ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਸਭਨਾਂ ਸੰਸਥਾਵਾਂ ਅੰਦਰ ਔਰਤਾਂ ਲਈ ਸੁਰੱਖਿਅਤ ਮਾਹੌਲ ਦੀ ਗਰੰਟੀ ਕੀਤੀ ਜਾਵੇ।

ਬੁਲਾਰਿਆਂ ਨੇ ਆਖਿਆ ਕਿ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਭਾਵੇਂ ਸਦੀਆਂ ਤੋਂ ਹੀ ਔਰਤ ਵਰਗ ਧੱਕੇ , ਜ਼ਬਰ , ਜਿਣਸੀ ਸ਼ੋਸ਼ਣ ਤੇ ਨਾਬਰਾਬਰੀ ਵਰਗੀਆਂ ਅਨੇਕਾਂ ਅਲਾਮਤਾਂ ਦਾ ਸ਼ਿਕਾਰ ਹੈ ਪਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਔਰਤਾਂ ਨਾਲ ਅਨਿਆਂ, ਜਬਰ ਜ਼ਿਨਾਹ ਤੇ ਵਧੀਕੀਆਂ ਦੇ ਮਾਮਲੇ ਆਏ ਦਿਨ ਸਿਖਰਾਂ ਛੋਹ ਰਹੇ ਹਨ। ਉਹਨਾਂ ਆਖਿਆ ਕਿ ਇਹ ਮੋਦੀ ਸਰਕਾਰ ਦੀ ਮੰਨੂ ਸਿਮਰਤੀ ‘ਤੇ ਆਧਾਰਿਤ ਔਰਤ ਵਿਰੋਧੀ ਸੋਚ ਤੇ ਸੱਭਿਆਚਾਰ ਦਾ ਹੀ ਨਤੀਜਾ ਹੈ ਕਿ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਦੇਸ਼ ਦੀਆਂ ਨਾਮਵਰ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਲੈਣ ਲਈ ਮਹੀਨਿਆਂ ਬੱਧੀ ਅੰਦੋਲਨ ਕਰਨਾ ਪੈ ਰਿਹਾ ਹੈ। ਇਨਸਾਫ਼ ਦੇਣ ਦੀ ਥਾਂ ਹਕੂਮਤ ਵੱਲੋਂ ਦੋਸ਼ੀ ਬਿਰਜ ਭੂਸ਼ਣ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਜਿਸ ਕਾਰਨ ਨਾਮਜ਼ਦ ਦੋਸ਼ੀ ਵੱਲੋਂ ਮਹਿਲਾ ਪਹਿਲਵਾਨਾਂ ਖਿਲਾਫ ਆਏ ਦਿਨ ਘਟੀਆ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment