ਦਿੱਲੀ ਏਅਰਪੋਰਟ ‘ਤੇ ਚੈਕਿੰਗ ਦੌਰਾਨ ਲਗੇਜ ‘ਚੋਂ ਗਾਇਬ ਹੋ ਰਿਹੈ ਕੀਮਤੀ ਸਮਾਨ

Global Team
4 Min Read

ਨਵੀਂ ਦਿੱਲੀ: ਅਮਰੀਕਾ ‘ਚ ਰਹਿਣ ਵਾਲੀ ਇੱਕ ਭਾਰਤੀ ਔਰਤ ਨੇ ਦੋਸ਼ ਲਗਾਇਆ ਹੈ ਕਿ ਦਿੱਲੀ ਹਵਾਈ ਅੱਡੇ ‘ਤੇ ਐਕਸ-ਰੇ ਚੈਕਿੰਗ ਦੌਰਾਨ ਉਸ ਦੇ ਬੈਗ ‘ਚੋਂ ਗਹਿਣਿਆਂ ਦਾ ਡੱਬਾ ਗਾਇਬ ਹੋ ਗਿਆ। ਦੱਸਣਯੋਗ ਹੈ ਕਿ ਇਸ ਤੋਂ ਦੋ ਮਹੀਨੇ ਪਹਿਲਾਂ ਇੱਕ ਆਸਟਰੇਲੀਅਨ ਔਰਤ ਨੇ ਦਿੱਲੀ ਪੁਲਿਸ ਕੋਲ ਅਜਿਹੇ ਹੀ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਸੀ। ਦਿੱਲੀ ਪੁਲਿਸ ਅਤੇ ਸੀਆਈਐਸਐਫ ਦੇ ਸੂਤਰਾਂ ਨੇ ਕਿਹਾ ਕਿ ਦੋਵਾਂ ਮਾਮਲਿਆਂ ਦੀ ਸੀਸੀਟੀਵੀ ਫੁਟੇਜ ਵਿੱਚ ਕਿਸੇ ਨੂੰ ਵੀ ਔਰਤਾਂ ਦੇ ਸਮਾਨ ਨਾਲ ਛੇੜਛਾੜ ਕਰਦਿਆਂ ਨਹੀਂ ਦੇਖਿਆ ਗਿਆ ਅਤੇ ਸੁਰੱਖਿਆ ਕਰਮਚਾਰੀਆਂ ਸਣੇ ਕਿਸੇ ਦੀ ਵੀ ਕੋਈ ਸ਼ੱਕੀ ਹਰਕਤ ਨਹੀਂ ਹੋਈ।

ਰਿਪੋਰਟਾਂ ਮੁਤਾਬਕ ਨਵੇਂ ਮਾਮਲੇ ਵਿੱਚ ਵਰਜੀਨੀਆ ਤੋਂ ਸਵਾਤੀ ਰੈਡੀ 13 ਮਾਰਚ ਨੂੰ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ ਅਤੇ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਆਪਣੀ ਅਗਲੀ ਯਾਤਰਾ ਲਈ ਇੱਕ ਹੋਰ ਫਲਾਈਟ ਵਿੱਚ ਸਵਾਰ ਹੋਣ ਲਈ ਰਵਾਨਾ ਹੋਈ। ਉਸ ਦੇ ਮੁਤਾਬਕ ਸੁਰੱਖਿਆ ਜਾਂਚ ਤੋਂ ਲੰਘਦੇ ਸਮੇਂ, ਉਸ ਦਾ ਬੈਗ ਜਿਸ ਵਿੱਚ ਗਹਿਣਿਆਂ ਦਾ ਡੱਬਾ ਸੀ, ਸਕੈਨਰ ਲਈ  ਭੇਜ ਦਿੱਤਾ ਗਿਆ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਸਵਾਤੀ ਰੈਡੀ ਨੇ ਕਿਹਾ ਕਿ ਮੈਨੂੰ ਅਜੇ ਵੀ ਉਹ ਸੁਰੱਖਿਆ ਕਰਮਚਾਰੀ ਯਾਦ ਹਨ ਜਿਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਜਾ ਰਹੀ ਹਾਂ ਅਤੇ ਮੇਰੇ ਬੈਗ ਵਿੱਚ ਕੀ ਹੈ। ਉਸਨੇ ਮੈਨੂੰ ਬੈਗ ਵਿੱਚੋਂ ਚਾਰਜਰ, ਹੈੱਡਫੋਨ ਅਤੇ ਮਾਊਸ ਕੱਢਣ ਲਈ ਕਿਹਾ। ਉਸਨੇ ਮੈਨੂੰ ਇਹ ਵੀ ਦੱਸਿਆ ਕਿ ਬੈਗ ਵਿੱਚ ਚਾਬੀਆਂ ਅਤੇ ਗਹਿਣੇ ਸਨ, ਜਿਸਦੀ ਮੈਂ ਪੁਸ਼ਟੀ ਕੀਤੀ।

ਔਰਤ ਨੇ ਕਿਹਾ ਕਿ ਬੈਗ ਵਿੱਚੋਂ ਇਲੈਕਟ੍ਰੋਨਿਕਸ ਕੱਢਣ ਤੋਂ ਬਾਅਦ, ਉਸਨੇ ਮੈਨੂੰ ਕਿਹਾ ਕਿ ਬੈਗ ਨੂੰ ਦੁਬਾਰਾ ਸਕੈਨ ਕਰਨਾ ਪਵੇਗਾ। ਉਸਨੇ ਮੈਨੂੰ ਬੈਗ ਵਿੱਚੋਂ ਗਹਿਣੇ ਕੱਢਣ ਲਈ ਨਹੀਂ ਕਿਹਾ ਤੇ ਮੇਰੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਰੈੱਡੀ ਨੇ ਵਰਜੀਨੀਆ ਤੋਂ ਫੋਨ ‘ਤੇ ਇੱਕ ਚੈਨਲ ਨੂੰ ਦੱਸਿਆ ਕਿ ਉਹ ਆਪਣਾ ਬੈਗ ਲੈ ਕੇ ਚਲੀ ਗਈ ਅਤੇ ਜਦੋਂ ਉਹ ਘਰ ਪਹੁੰਚੀ ਤਾਂ ਉਸ ਨੂੰ ਚੋਰੀ ਬਾਰੇ ਪਤਾ ਲੱਗਿਆ। ਰੈੱਡੀ ਨੇ ਕਿਹਾ ਕਿ ਉਸ ਦਾ ਬੈਗ ਸਾਰੀ ਯਾਤਰਾ ਦੌਰਾਨ ਉਸ ਦੇ ਕੋਲ ਸੀ ਤੇ ਅਜਿਹਾ ਨਹੀਂ ਹੋ ਸਕਦਾ ਕਿ ਚੋਰੀ ਜਹਾਜ਼ ‘ਚ ਹੋਈ ਹੋਵੇ।

ਰੈਡੀ ਨੇ ਇਹ ਵੀ ਦੱਸਿਆ ਕਿ ਗਹਿਣਿਆਂ ਦੇ ਡੱਬੇ ਦੇ ਨਾਲ ਇੱਕ ਪਰਸ ਸੀ ਜਿਸ ਵਿੱਚ ਕ੍ਰੈਡਿਟ ਕਾਰਡ ਆਦਿ ਸੀ ਪਰ ਸਿਰਫ਼ ਗਹਿਣਿਆਂ ਦਾ ਡੱਬਾ ਹੀ ਗਾਇਬ ਹੈ ਜਿਸ ਤੋਂ ਲੱਗਦਾ ਹੈ ਕਿ ਇਹ ਚੋਰੀ ਉਸ ਵਿਅਕਤੀ ਵੱਲੋਂ ਕੀਤੀ ਗਈ ਹੈ ਜਿਸ ਨੂੰ ਗਹਿਣਿਆਂ ਦੇ ਬਾਕਸ ਬਾਰੇ ਜਾਣਕਾਰੀ ਸੀ। ਮਹਿਲਾ ਨੇ ਦੱਸਿਆ ਕਿ ਉਸ ਨੇ ਐਫ.ਆਈ.ਆਰ. 15 ਮਾਰਚ ਨੂੰ ਦਰਜ ਕਰਵਾਈ ਸੀ।

ਇਸ ਤੋਂ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ। ਇਸ ਸਾਲ ਜਨਵਰੀ ‘ਚ ਖ਼ਬਰ ਆਈ ਸੀ ਕਿ ਆਸਟ੍ਰੇਲੀਆਈ ਔਰਤ ਅਕਸ਼ੈਣੀ ਸਿੰਘ ਗੌਰ ਨੇ ਅਗਸਤ 2022 ‘ਚ ਅਜਿਹੀ ਹੀ ਇੱਕ ਘਟਨਾ ਸਬੰਧੀ ਐਫਆਈਆਰ ਦਰਜ ਕਰਵਾਈ ਸੀ, ਜਦੋਂ ਉਹ ਸਿਡਨੀ ਤੋਂ ਦਿੱਲੀ ਜਾ ਰਹੀ ਸੀ। ਔਰਤ ਨੇ ਦੋਸ਼ ਲਾਇਆ ਸੀ ਕਿ ਐਕਸ-ਰੇਅ ਜਾਂਚ ਦੌਰਾਨ ਉਸ ਦੇ ਬੈਗ ਵਿੱਚੋਂ ਗਹਿਣੇ ਅਤੇ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment