ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਹੈਦਰਾਬਾਦ ਦੇ ਇੱਕ ਚਾਰਟਰਡ ਅਕਾਊਂਟੈਂਟ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਸੀਬੀਆਈ ਨੇ ਸੀਏ ਬੁਚੀਬਾਬੂ ਗੋਰਾਂਤਲਾ ਨੂੰ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਉਸਦੀ ਕਥਿਤ ਭੂਮਿਕਾ ਅਤੇ ਹੈਦਰਾਬਾਦ ਅਧਾਰਤ ਥੋਕ-ਪ੍ਰਚੂਨ ਲਾਇਸੈਂਸਧਾਰੀਆਂ, ਉਨ੍ਹਾਂ ਦੇ ਲਾਭਪਾਤਰੀਆਂ ਦੇ ਮਾਲਕਾਂ ਦਾ ਬੇਲੋੜਾ ਪੱਖ ਲੈਣ ਲਈ ਗ੍ਰਿਫਤਾਰ ਕੀਤਾ ਹੈ। ਸੀਬੀਆਈ ਮੁਤਾਬਕ ਹੈਦਰਾਬਾਦ ਦੇ ਚਾਰਟਰਡ ਅਕਾਊਂਟੈਂਟ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦਰਅਸਲ, LG ਨੇ ਦਿੱਲੀ ਦੇ ਸਕੱਤਰ ਦੀ ਰਿਪੋਰਟ ਦੇ ਆਧਾਰ ‘ਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ। ਇਹ ਰਿਪੋਰਟ ਪਿਛਲੇ ਸਾਲ 8 ਜੁਲਾਈ ਨੂੰ ਭੇਜੀ ਗਈ ਸੀ। ਜਿਸ ਵਿੱਚ ਪਿਛਲੇ ਸਾਲ ਲਾਗੂ ਕੀਤੀ ਗਈ ਆਬਕਾਰੀ ਨੀਤੀ ‘ਤੇ ਸਵਾਲ ਉਠਾਏ ਗਏ। ਆਬਕਾਰੀ ਨੀਤੀ (2021-22) ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਲਾਪਰਵਾਹੀ ਦੇ ਨਾਲ-ਨਾਲ ਨਿਯਮਾਂ ਦੀ ਅਣਦੇਖੀ ਅਤੇ ਨੀਤੀ ਨੂੰ ਲਾਗੂ ਕਰਨ ਵਿੱਚ ਗੰਭੀਰ ਖਾਮੀਆਂ ਦੇ ਦੋਸ਼ ਹਨ।
ਇਲਜ਼ਾਮਾਂ ਵਿੱਚ ਟੈਂਡਰ ਨੂੰ ਅੰਤਿਮ ਰੂਪ ਦੇਣ ਵਿੱਚ ਬੇਨਿਯਮੀਆਂ ਅਤੇ ਚੁਣੇ ਹੋਏ ਵਿਕਰੇਤਾਵਾਂ ਦੇ ਹੱਕ ਵਿੱਚ ਟੈਂਡਰ ਤੋਂ ਬਾਅਦ ਦੀਆਂ ਬੇਨਿਯਮੀਆਂ ਵੀ ਸ਼ਾਮਲ ਹਨ। ਰਿਪੋਰਟ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਸਰਕਾਰ ਨੇ ਸ਼ਰਾਬ ਵਿਕਰੇਤਾਵਾਂ ਦੀ ਲਾਇਸੈਂਸ ਫੀਸ ਮੁਆਫ ਕਰਕੇ 144 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ। ਆਬਕਾਰੀ ਮੰਤਰੀ ਵਜੋਂ ਮਨੀਸ਼ ਸਿਸੋਦੀਆ ‘ਤੇ ਵੀ ਇਨ੍ਹਾਂ ਵਿਵਸਥਾਵਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲੱਗੇ ਸਨ।