ਮੰਗਣੀ ਕਰਵਾ ਕੇ ਕੈਨੇਡਾ ਗਈ ਕੁੜੀ ਵਿਆਹ ਤੋਂ ਕੁਝ ਦਿਨ ਪਹਿਲਾਂ ਮੁੱਕਰੀ

Prabhjot Kaur
3 Min Read

ਸ੍ਰੀ ਮੁਕਤਸਰ ਸਾਹਿਬ: ਮੰਗਣੀ ਕਰਵਾਉਣ ਤੋਂ ਬਾਅਦ ਪੈਸਾ ਖਰਚ ਕੇ ਕੈਨੇਡਾ ਭੇਜੀ ਕੁੜੀ ਨੇ ਮੁੰਡੇ ਵਾਲਿਆਂ ਨੂੰ ਐਨ ਮੌਕੇ ਤੇ ਵਿਆਹ ਤੋਂ ਉਸ ਸਮੇਂ ਜਵਾਬ ਦੇ ਦਿੱਤਾ ਜਦੋਂ ਮੁੰਡੇ ਦੇ ਘਰ ‘ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਸਨ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਭਲਾਈਆਣਾ ਨਾਲ ਸਬੰਧਿਤ ਇਸ ਪਰਿਵਾਰ ਨੇ ਹੁਣ ਇਨਸਾਫ ਲਈ ਪੁਲਿਸ ਅੱਗੇ ਗੁਹਾਰ ਲਾਈ ਹੈ।

ਦਰਅਸਲ ਹੋਇਆ ਇੰਝ ਕਿ ਗੁਰਵਿੰਦਰ ਸਿੰਘ ਪਿੰਡ ਭਲਾਈਆਣਾ ਦੇ ਮਿਹਨਤਕਸ਼ ਕਿਸਾਨ ਘੁੱਕਰ ਸਿੰਘ ਦਾ ਪੁੱਤਰ ਹੈ। ਲਗਭਗ ਡੇਢ ਸਾਲ ਪਹਿਲਾ ਗੁਰਵਿੰਦਰ ਦੀ ਮੰਗਣੀ ਫਰੀਦਕੋਟ ਜਿਲ੍ਹੇ ਦੇ ਪਿੰਡ ਮੱਤਾ ਦੀ ਕੁੜੀ ਨਾਲ ਹੋਈ। ਦੂਰ ਦੀ ਰਿਸ਼ਤੇਦਾਰੀ ‘ਚ ਹੋਏ ਇਸ ਰਿਸ਼ਤੇ ਦੇ ਚਲਦਿਆ ਮੰਗਣੀ ਸਮੇਂ ਹੀ ਦੋਵਾਂ ਪਰਿਵਾਰਾਂ ਵਿਚਾਲੇ ਇਹ ਤੈਅ ਹੋਇਆ ਕਿ ਕੁੜੀ ਨੇ ਆਈਲੈਟਸ ਕੀਤੀ ਹੈ ਅਤੇ ਉਸਨੇ ਕੈਨੇਡਾ ਜਾਣਾ ਹੈ। ਇਸ ਦਾ ਖਰਚ ਗੁਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ ਕੁਝ ਸਮੇਂ ਬਾਅਦ ਕੁੜੀ ਵਾਪਿਸ ਪੰਜਾਬ ਆ ਕੇ ਗੁਰਵਿੰਦਰ ਨਾਲ ਵਿਆਹ ਕਰਵਾਏਗੀ ਅਤੇ ਫਿਰ ਗੁਰਵਿੰਦਰ ਵੀ ਨਾਲ ਕੈਨੇਡਾ ਚਲਾ ਜਾਵੇਗਾ।

ਵਾਅਦੇ ਮੁਤਾਬਕ ਗੁਰਵਿੰਦਰ ਸਿੰਘ ਦੇ ਪਰਿਵਾਰ ਵਲੋਂ ਕਾਲਜ ਫੀਸਾਂ ਤੋਂ ਲੈ ਜਹਾਜ਼ ਦੀ ਟਿਕਟ ਤੱਕ ਦੇ ਸਾਰੇ ਪੈਸੇ ਲਗਾ ਕੇ ਕੁੜੀ ਨੂੰ ਕੈਨੇਡਾ ਭੇਜ ਦਿੱਤਾ ਗਿਆ। ਇਸ ਦੌਰਾਨ ਸਭ ਕੁਝ ਸਹੀ ਚਲਦਾ ਰਿਹਾ ਕੁੜੀ ਗੁਰਵਿੰਦਰ ਅਤੇ ਉਸਦੇ ਮਾਪਿਆਂ ਨਾਲ ਵਧੀਆ ਗੱਲਬਾਤ ਵੀ ਕਰਦੀ ਰਹੀ। ਇਸ ਵਿਚਾਲੇ ਗੁਰਵਿੰਦਰ ਦੇ ਪਰਿਵਾਰ ਵੱਲੋਂ ਕੁੜੀ ਦੇ ਕਹਿਣ ‘ਤੇ ਦੂਜੇ ਸਾਲ ਦੀ ਫੀਸ ਦੀ ਕਿਸ਼ਤ ਤੱਕ ਭਰ ਦਿੱਤੀ ਗਈ। ਕਰੀਬ ਡੇਢ ਸਾਲ ਬੀਤ ਜਾਣ ਬਾਅਦ ਜਦੋਂ ਵਾਪਸ ਪੰਜਾਬ ਆ ਕੇ ਵਿਆਹ ਕਰਵਾਉਣ ਦੀ ਗੱਲ ਚੱਲੀ ਤਾਂ ਦੋਵਾਂ ਪਰਿਵਾਰਾਂ ਅਤੇ ਕੁੜੀ ਦੀ ਸਹਿਮਤੀ ਨਾਲ 25 ਦਸੰਬਰ 2022 ਦੀ ਮਿਤੀ ਨਿਯਤ ਕਰ ਦਿੱਤੀ ਗਈ।

ਜਿਸ ਦੇ ਚਲਦਿਆ ਗੁਰਵਿੰਦਰ ਦੇ ਪਰਿਵਾਰ ਵੱਲੋਂ ਕੁੜੀ ਦੀ ਜਹਾਜ਼ ਦੀ ਆਉਣ ਜਾਣ ਦੀ ਟਿਕਟ ਤੱਕ ਕਰਵਾ ਦਿੱਤੀ ਗਈ। ਵਿਆਹ ਲਈ ਕਾਰਡ ਤੱਕ ਛਪਵਾ ਲਏ ਗਏ, ਪੈਲੇਸ ਬੁੱਕ ਕਰਵਾਇਆ ਗਿਆ, ਹਲਵਾਈ, ਫੋਟੋਗ੍ਰਾਫਰ ਤੱਕ ਬੁਕਿੰਗ ਕਰਵਾ ਦਿੱਤੀ ਗਈ, ਬਰੀ ਦੇ ਸੂਟ ਤੱਕ ਬਣਾ ਲਏ ਗਏ ਪਰ ਵਿਆਹ ਤੋਂ ਲਗਭਗ 20 ਦਿਨ ਪਹਿਲਾ ਕੈਨੇਡਾ ਬੈਠੀ ਕੁੜੀ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਗੁਰਵਿੰਦਰ ਦੇ ਪਿਤਾ ਘੁੱਕਰ ਸਿੰਘ ਅਨੁਸਾਰ ਉਨ੍ਹਾਂ ਦੇ ਪੈਰਾਂ ਹੇਠੋ ਜ਼ਮੀਨ ਨਿੱਕਲ ਗਈ ਉਹ ਵਿਚੋਲਿਆ ਨੂੰ ਲੈ ਕੁੜੀ ਦੇ ਘਰ ਪਿੰਡ ਮੱਤਾ ਗਏ ਤਾਂ ਪਰਿਵਾਰ ਵਾਲਿਆਂ ਵੀ ਕੋਈ ਹੱਲ ਨਾਂ ਕੀਤਾ। ਘੁੱਕਰ ਸਿੰਘ ਅਨੁਸਾਰ ਉਸ ਨੇ ਆਪਣੀਆਂ ਮਸ਼ੀਨਾਂ ਵੇਚ ਤੇ ਕੁਝ ਬੈਂਕ ਤੋਂ ਕਰਜ ਲੈ ਇਹ ਸਭ ਕੀਤਾ ਪਰ ਉਹਨਾਂ ਨੂੰ ਵਿਸ਼ਵਾਸ ‘ਚ ਲੈ ਇਹ ਠੱਗੀ ਉਨ੍ਹਾਂ ਨਾਲ ਕੀਤੀ ਗਈ। ਹੁਣ ਗੁਰਵਿੰਦਰ ਸਿੰਘ ਵੱਲੋਂ ਇਨਸਾਫ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ‘ਤੇ ਥਾਣਾ ਕੋਟਭਾਈ ਪੁਲਿਸ ਅਨੁਸਾਰ ਜਾਂਚ ਚੱਲ ਰਹੀ ਹੈ।

- Advertisement -

Share this Article
Leave a comment