ਨਵੀਂ ਦਿੱਲੀ: ਭਾਰਤ ਜੋੜੋ ਯਾਤਰਾ ਜਲਦ ਹੀ ਕਸ਼ਮੀਰ ਪਹੁੰਚਣ ਵਾਲੀ ਹੈ। ਸੁਰੱਖਿਆ ਏਜੰਸੀਆਂ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੀਡੀਆ ਅਨੁਸਾਰ ਸੁਰੱਖਿਆ ਏਜੰਸੀਆਂ ਨੇ ਰਾਹੁਲ ਗਾਂਧੀ ਨੂੰ ਕਸ਼ਮੀਰ ‘ਚ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਕੁਝ ਥਾਵਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਇਕ ਵਿਸਤ੍ਰਿਤ ਯੋਜਨਾ ਬਣਾਈ ਗਈ ਹੈ ਅਤੇ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਪੈਦਲ ਯਾਤਰਾ ਕਰਨ ਤੋਂ ਬਚਣ ਅਤੇ ਇਸ ਦੀ ਬਜਾਏ ਕਾਰ ਰਾਹੀਂ ਯਾਤਰਾ ਕਰਨ।ਅਧਿਕਾਰੀ ਨੇ ਕਿਹਾ ਕਿ ਇਕ ਵਿਆਪਕ ਸੁਰੱਖਿਆ ਸਮੀਖਿਆ ਅਜੇ ਵੀ ਜਾਰੀ ਹੈ ਜਿਸ ਵਿਚ ਉਨ੍ਹਾਂ ਦੇ ਰਾਤ ਦੇ ਠਹਿਰਨ ਬਾਰੇ ਵੇਰਵੇ ਹਨ।
ਦੱਸ ਦਈਏ ਕਿ ਰਾਹੁਲ ਗਾਂਧੀ ਦੀ ਅਗਵਾਈ ‘ਚ ‘ਭਾਰਤ ਜੋੜੋ ਯਾਤਰਾ’ 19 ਜਨਵਰੀ ਨੂੰ ਜੰਮੂ-ਕਸ਼ਮੀਰ ਪਹੁੰਚੇਗੀ ਅਤੇ 30 ਜਨਵਰੀ ਨੂੰ ਇੱਥੇ ਇਕ ਵਿਸ਼ਾਲ ਰੈਲੀ ਨਾਲ ਸਮਾਪਤ ਹੋਵੇਗੀ।ਕਾਂਗਰਸ ਦੇ ਜੰਮੂ-ਕਸ਼ਮੀਰ ਇੰਚਾਰਜ ਪਾਟਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਜਨਵਰੀ ਨੂੰ ਪੰਜਾਬ-ਜੰਮੂ ਸਰਹੱਦ ‘ਤੇ ਲਖਨਪੁਰ ਪਹੁੰਚਣਗੇ। ਉਨ੍ਹਾਂ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਦੇ ਸਵਾਗਤ ਲਈ ਉੱਥੇ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਕਠੂਆ, ਸਾਂਬਾ ਹੁੰਦੇ ਹੋਏ ਲਖਨਪੁਰ ਤੋਂ ਹੁੰਦੇ ਹੋਏ ਜੰਮੂ ਦੇ ਸਤਵਾਰੀ ਚੌਂਕ ਪਹੁੰਚਣਗੇ, ਜਿੱਥੇ ਇਕ ਜਨਸਭਾ ਕੀਤੀ ਜਾਵੇਗੀ।