ਚੰਡੀਗੜ੍ਹ: ਪੰਜਾਬ ਭਾਜਪਾ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਇਸੇ ਤਿਆਰੀ ਤਹਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਵਿੱਚ ਰੈਲੀ ਕਰਨ ਜਾ ਰਹੇ ਹਨ। ਐਤਵਾਰ ਨੂੰ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਸ੍ਰੀਨਿਵਾਸੂਲੂ, ਜ਼ੋਨਲ ਇੰਚਾਰਜ ਵਿਕਰਮਜੀਤ ਚੀਮਾ, ਲੋਕ ਸਭਾ ਮਾਈਗ੍ਰੇਸ਼ਨ ਸਕੀਮ ਇੰਚਾਰਜ ਅਤੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਲੋਕ ਸਭਾ ਪਟਿਆਲਾ ਇੰਚਾਰਜ ਪਰਮਿੰਦਰ ਬਰਾੜ ਪਟਿਆਲਾ ਪੁੱਜੇ ਅਤੇ ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਉਕਤ ਆਗੂਆਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਪਹੁੰਚ ਰਹੇ ਹਨ।
ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਸਵੇਰੇ 10 ਵਜੇ ਪਟਿਆਲਾ ਪਹੁੰਚ ਜਾਣਗੇ। ਇਸ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿੱਚ ਨਤਮਸਤਕ ਹੋਣਗੇ ਤੇ ਫਿਰ ਉਹ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਵੀ ਮੱਥਾ ਟੇਕਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਮਗਰੋਂ ਸ਼ਾਹ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨਗੇ ਤੇ ਫਿਰ ਰੈਲੀ ਕਰਨਗੇ।