ਅਮਰੀਕਾ ‘ਚ ਪਹਿਲੀ ਸਿੱਖ ਬਣੀ ਜੱਜ

Global Team
2 Min Read

ਟੈਕਸਸ: ਅਮਰੀਕਾ ‘ਚ ਪਹਿਲੀ ਸਿੱਖ ਜੱਜ ਬਣਨ ਦਾ ਮਾਣ ਮਨਪ੍ਰੀਤ ਮੌਨਿਕਾ ਸਿੰਘ ਨੇ ਹਾਸਲ ਕੀਤਾ ਹੈ। ਮਨਪ੍ਰੀਤ ਨੇ ਟੈਕਸਸ ਦੀ ਹੈਰਿਸ ਕਾਊਂਟੀ ਦੀ ਸਿਵਲ ਅਦਾਲਤ ਦੀ ਜੱਜ ਵਜੋਂ ਸੋਮਵਾਰ ਸਹੁੰ ਚੁੱਕੀ। ਮਨਪ੍ਰੀਤ ਤੋਂ ਇਲਾਵਾ ਭਾਰਤੀ ਮੂਲ ਦੇ ਤਿੰਨ ਹੋਰ ਜੱਜਾਂ ਨੇ ਵੀ ਫੋਰਟ ਬੈਂਡ ਕਾਊਂਟੀ ‘ਚ ਆਪਣੇ ਅਹੁਦੇ ਸੰਭਾਲੇ। ਮਨਪ੍ਰੀਤ ਮੌਨਿਕਾ ਸਿੰਘ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਮਗਰੋਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਦਸਤਾਰ ਕਾਰਨ ਵੱਡੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਕੰਮ ਦੌਰਾਨ ਅਕਸਰ ਉਨ੍ਹਾਂ ਨੂੰ ਵਿਤਕਰਾ ਬਰਦਾਸ਼ਤ ਕਰਨਾ ਪੈਂਦਾ ਪਰ ਹੁਣ ਸਮਾਂ ਬਦਲ ਚੁੱਕਾ ਹੈ।

ਮਨਪ੍ਰੀਤ ਮੁਤਾਬਕ ਉਨ੍ਹਾਂ ਦੇ ਪਿਤਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਸਨ ਅਤੇ ਉਸ ਵੇਲੇ ਪ੍ਰਵਾਸੀਆਂ ਦੀ ਆਵਾਜ਼ ਸੁਣਨ ਵਾਲੀ ਕੋਈ ਵੱਡੀ ਜਥੇਬੰਦੀ ਵੀ ਨਹੀਂ ਸੀ। ਮਨਪ੍ਰੀਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਪਿਤਾ 1970 ਦੇ ਦਹਾਕੇ ‘ਚ ਅਮਰੀਕਾ ਆਏ ਸਨ ਅਤੇ ਉਨ੍ਹਾਂ ਨੇ ਵੀ ਅਜੋਕੇ ਭਾਰਤੀ ਨੌਜਵਾਨਾਂ ਵਾਂਗ ਅਮਰੀਕਾ ‘ਚ ਖੁਸ਼ਹਾਲ ਭਵਿੱਖ ਦੀ ਨੀਂਹ ਰੱਖੀ। ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੂੰ ਵੀ ਵਕਾਲਤ ਦੇ ਪੇਸ਼ੇ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਮਨਪ੍ਰੀਤ ਮੋਨਿਕਾ ਸਿੰਘ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਮੁਸ਼ਕਲ ਨਾਮ ਦੇ ਮਸਲੇ ‘ਤੇ ਆਉਂਦੀ ਸੀ ਅਤੇ ਇਸੇ ਕਰ ਕੇ ਉਨ੍ਹਾਂ ਨੇ ਮੌਨਿਕਾ ਸ਼ਬਦ ਨੂੰ ਵੀ ਆਪਣੇ ਨਾਮ ਵਿੱਚ ਸ਼ਾਮਲ ਕੀਤਾ।

ਮਨਪ੍ਰੀਤ ਨੇ ਹਿਊਸਟਨ ਸ਼ਹਿਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੰਨ-ਸੁਵੰਨ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਦਾ ਸ਼ਹਿਰ ਹੈ। ਇੱਥੇ ਵਕਾਲਤ ਕਰਦਿਆਂ ਜ਼ਿੰਦਗੀ ਦੇ ਕਈ ਗੂੜੇ ਤਜਰਬੇ ਹਾਸਲ ਹੋਏ ਅਤੇ ਹੁਣ ਜੱਜ ਦੀ ਕੁਰਸੀ ‘ਤੇ ਬੈਠ ਕੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਫੋਰਟ ਬੈਂਡ ਕਾਊਂਟੀ ਵਿਚ ਜੂਲੀ ਮੈਥਿਊ ਨੇ ਲਗਾਤਾਰ ਦੂਜੀ ਵਾਰ ਜੱਜ ਵਜੋਂ ਸਹੁੰ ਚੁੱਕੀ। ਮੈਥਿਊ ਤੋਂ ਇਲਾਵਾ ਸੁਰਿਦਰ ਪਟੇਲ ਅਤੇ ਕੇ.ਪੀ. ਜਾਰਜ ਨੇ ਬਤੌਰ ਜੱਜ ਸਹੁੰ ਚੁੱਕੀ।

Share This Article
Leave a Comment