ਮਾਨਸਾ : ਬੀਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਅੰਦਰ ਗੰਨ ਕਲਚਰ ਨੂੰ ਠੱਲ ਪਾਉਣ ਲਈ ਵੱਡਾ ਐਕਸ਼ਨ ਲਿਆ ਗਿਆ ਹੈ। ਸ਼ਰੇਆਮ ਹਥਿਆਰਾਂ ਦੀ ਨੁਮਾਇਸ਼ ਲਗਾਉਣ ਅਤੇ ਗੀਤਾਂ ‘ਚ ਹਥਿਆਰਾਂ ਦੇ ਇਸਤੇਮਾਲ ‘ਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਬਾਅਦ ਵਿਰੋਧੀ ਧਿਰਾਂ ਫਿਰ ਵੀ ਆਪ ਸਰਕਾਰ ਵਿਰੁੱਧ ਬਿਆਨਬਾਜੀ ਕਰ ਰਹੀਆਂ ਹਨ। ਇਸੇ ਦਰਮਿਆਨ ਹੁਣ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਦੇ ਪਿਤਾ ਸ. ਬਲਕੌਰ ਸਿੰਘ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਾਵੇਂ ਚੰਗੀ ਗੱਲ ਹੈ ਕਿ ਜੇਕਰ ਸਰਕਾਰ ਸਖਤਾਈ ਕਰਦੀ ਹੈ ਪਰ ਸਿਰਫ ਗੀਤ ਗਾਉਣ ਨਾਲ ਨਹੀਂ ਕਈ ਅਜਿਹੇ ਕਲਾਕਾਰ ਵੀ ਹਨ ਜਿਨ੍ਹਾਂ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਿੱਧੇ ਸਬੰਧ ਹਨ।
ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਸ ਸਖਤਾਈ ਨਾਲ ਸਰਕਾਰ ਨੂੰ ਉਹ ਨਤੀਜੇ ਨਹੀਂ ਮਿਲਣਗੇ ਜਿਹੜੇ ਉਹ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਅਜਿਹੇ ਕਲਾਕਾਰ ਵੀ ਹਨ ਜਿਹੜੇ ਫਿਰੋਜ਼ਪੁਰ ਜੇਲ੍ਹ ‘ਚ ਅਖਾੜਾ ਲਾ ਕੇ ਆਏ ਹਨ ਅਤੇ ਲਾਰੈਂਸ ਦੇ ਬੰਦਿਆਂ ਨੂੰ ਮਿਲਦੇ । ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੱਕ ਕਲਾਕਾਰ ਦੀ ਚੈਟ ਵੀ ਹੈ ਜਿਸ ‘ਚ ਉਹ ਕਹਿ ਰਿਹਾ ਹੈ ਕਿ ਉਹ ਲਾਰੈਂਸ ਦੇ ਬੰਦਿਆਂ ਨੁੰ ਮਿਲ ਕੇ ਆਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰ ਅਜਿਹੇ ਕਲਾਕਾਰਾਂ ਨੂੰ ਗ੍ਰਿਫਤਾਰ ਕਰੇਗੀ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਅਸਲੇ ਦੀ ਨੁਮਾਇਸ਼ ਲਾਉਣ ਸਹੀ ਨਹੀਂ ਹੈ ਪਰ ਜੇਕਰ ਅਸਲਾ ਆਪਣੀ ਸੁਰੱਖਿਆ ਲਈ ਰੱਖਿਆ ਜਾਵੇ ਤਾਂ ਕੁਝ ਗਲਤ ਨਹੀਂ ਹੈ। ਇੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਅਜਿਹਾ ਮਾਹੌਲ ਦੇ ਦਿੰਦੀ ਹੈ ਕਿ ਅਸਲੇ ਦੀ ਜਰੂਰਤ ਹੀ ਨਾ ਪਵੇ ਤਾਂ ਉਹ ਖੁਦ ਵੀ ਅਸਲਾ ਜਮ੍ਹਾਂ ਕਰਵਾਉਣ ਲਈ ਤਿਆਰ ਹਨ।