ਬਰਨਾਲਾ : ਇੰਨੀ ਦਿਨੀਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਚਰਚਾ ਚੱਲ ਰਹੀ ਹੈ ਤਾਂ ਉੱਥੇ ਹੀ 8 ਨਵੰਬਰ ਨੂੰ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਨੇ ਵੀ ਸਿਆਸੀ ਹਲਕਿਆਂ ‘ਚ ਤਰਥੱਲੀ ਮਚਾਈ ਹੋਈ ਹੈ। ਦਰਅਸਲ ਬੀਤੇ ਸਮੇਂ ਦੀ ਜੇਕਰ ਗੱਲ ਕਰ ਲਈਏ ਤਾਂ ਵੱਡੀ ਗਿਣਤੀ ‘ਚ ਸ਼੍ਰੋਮਣੀ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਵੱਖ ਵੱਖ ਧੜਿਆਂ ਨਾਲ ਜੁੜ ਚੁਕੇ ਹਨ। ਅਜਿਹੇ ਵਿੱਚ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਛੱਡ ਕੇ ਢੀਂਡਸਾ ਗਰੁੱਪ ਦਾ ਸਾਥ ਦੇਣ ਵਾਲੇ ਬਲਦੇਵ ਸਿੰਘ ਚੂੰਘਾ ਵੱਲੋਂ ਵੀ ਆਏ ਦਿਨ ਅਕਾਲੀ ਦਲ ਬਾਦਲ ਨੂੰ ਲੰਬੇ ਹੱਥੀਂ ਲਿਆ ਜਾਂਦਾ ਹੈ। ਅੱਜ ਚੂੰਘਾ ਦੇ ਘਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਾਦਲਾਂ ‘ਤੇ ਗੰਭੀਰ ਦੋਸ਼ ਲਾਏ ਗਏ ਹਨ।
ਦਰਅਸਲ ਪਰਮਿੰਦਰ ਸਿੰਘ ਢੀਂਡਸਾ ਖੁਦ ਚੂੰਘਾ ਦੇ ਘਰ ਪਹੁੰਚੇ ਸਨ। ਇਸ ਮੌਕੇ ਮੀਡੀਆ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਅੱਜ ਇਹ ਸੁਨਿਹਰੀ ਮੌਕਾ ਹੈ ਕਿ ਅਸੀਂ ਪੰਥ ਦੀ ਸਿਰਮੌਰ ਸੰਸਥਾ ਨੂੰ ਬਾਦਲ ਪਰਿਵਾਰ ਤੋਂ ਅਜ਼ਾਦ ਕਰਵਾਈਏ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਆਪਹੁਦਰੀਆਂ ਹੋਈਆਂ ਹਨ ਉਨ੍ਹਾਂ ਨੂੰ ਵੀ ਸੁਧਾਰਨ ਦਾ ਯਤਨ ਉਨ੍ਹਾਂ ਵੱਲੋਂ ਕੀਤਾ ਜਾਵੇਗਾ।
ਇਸ ਮੌਕੇ ਬਲਦੇਵ ਸਿੰਘ ਚੂੰਘਾ ਨੇ ਵੀ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਚੂੰਘਾ ਦਾ ਕਹਿਣਾ ਹੈ ਕਿ ਕੋਈ ਸਮਾਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੇ ਸਿਰ ਦਾ ਤਾਜ ਹੁੰਦੀ ਸੀ ਪਰ ਅੱਜ ਸੁਖਬੀਰ ਸਿੰਘ ਬਾਦਲ ਦੇ ਮਾੜੇ ਕੰਮਾਂ ਕਰਕੇ ਲੋਕਾਂ ਨੇ ਉਸ ਨੂੰ ਵਗ੍ਹਾ ਕੇ ਮਾਰਿਆ ਹੈ। ਚੂੰਘਾਂ ਨੇ ਕਿਹਾ ਕਿ ਅੱਜ ਹਰ ਇੱਕ ਦੇ ਮਨ ਵਿੱਚ ਇਹੀ ਹੈ ਕਿ ਕਿਸੇ ਨਾ ਕਿਸੇ ਢੰਗ ਤਰੀਕੇ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲਾਂਭੇ ਕੀਤਾ ਜਾਵੇ।