ਮਿਸੀਸਾਗਾ: ਓਨਟਾਰੀਓ ਦੇ ਡੰਪ ਟਰੱਕ ਡਰਾਈਵਰਾਂ ਵਲੋਂ ਉਜਰਤ ਦਰ ਵਧਾਉਣ ਤੇ ਆਪਣੇ ਹੱਕਾਂ ਦੀ ਬਹਾਲੀ ਲਈ ਮਿਸੀਸਾਗਾ ‘ਚ ਪ੍ਰਦਰਸ਼ਨ ਜਾਰੀ ਹੈ। ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਬੀਤੇ 20 ਸਾਲਾਂ ਤੋਂ ਉਨ੍ਹਾਂ ਦੀਆਂ ਉਜਰਤਾਂ ਦਰਾਂ ‘ਚ ਕੋਈ ਵਾਧਾ ਨਹੀਂ ਹੋਇਆ ਹੈ ਤੇ ਲਿਖਤੀ ਤੌਰ ਤੇ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਉਹ ਆਪਣਾ ਅੰਦੋਲਨ ਖ਼ਤਮ ਕਰਨਗੇ। ਉੱਥੇ ਹੀ ਹੜਤਾਲ ‘ਤੇ ਬੈਠੇ ਡੰਪ ਟਰੱਕ ਡਰਾਈਵਰਾਂ ਨੂੰ ਧਮਕੀਆਂ ਦੇ ਕੇ ਕੰਮ ‘ਤੇ ਪਰਤਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਜੀਟੀਏ ਦੀ ਮੁੱਖ ਸੀਮੈਂਟ ਸਪਲਾਇਰ ਕੰਪਨੀ ਵੱਲੋਂ ਇਸ ਪ੍ਰਦਰਸ਼ਨ ਨੂੰ ਗ਼ੈਰਕਾਨੂੰਨੀ ਦੱਸਿਆ ਜਾ ਰਿਹਾ ਹੈ। ਕੰਪਨੀ ਦੇ ਕਮਰਸ਼ੀਅਲ ਮੈਨੇਜਰ ਨੇ ਦੱਸਿਆ ਕਿ ਹੜਤਾਲ ਕਾਰਨ ਫ਼ਿਲਹਾਲ ਜੀ.ਟੀ.ਏ. ‘ਚ ਕੰਕਰੀਟ ਦੀ ਸਪਲਾਈ ਕਰਨੀ ਸੰਭਵ ਨਹੀਂ ਹੋਵੇਗੀ, ਜਿਸ ਕਾਰਨ ਸ਼ੁੱਕਰਵਾਰ ਤੋਂ ਇਸ ਦੀ ਪ੍ਰੋਡਕਸ਼ਨ ਵੀ ਬੰਦ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਉਸ ਦੇ ਮੈਂਬਰਾਂ ਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਮਿਲੀ ਰਹੀਆਂ ਹਨ। ਇਥੋਂ ਤੱਕ ਕਿ ਡਫਰਿਨ ਕੰਸਟ੍ਰਕਸ਼ਨ ਵਰਗੀਆਂ ਵੱਡੀਆਂ ਕੰਪਨੀਆਂ ਵੀ ਧਮਕਾਉਣ ਵਾਲਿਆਂ ‘ਚ ਸ਼ਾਮਲ ਹਨ।
ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਉਹ ਹੜਤਾਲ ‘ਚ ਸ਼ਾਮਲ ਹੋਏ ਤਾਂ ਭਵਿੱਖ ‘ਚ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਜਾਵੇਗਾ। ਦੱਸਣਯੋਗ ਹੈ ਕਿ ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਅਤੇ ਓਨਟਾਰੀਓ ਐਗਰੀਗੇਟ ਕਿੰਗ ਐਸੋਸੀਏਸ਼ਨ ਦੇ 2 ਹਜ਼ਾਰ ਤੋਂ ਵੱਧ ਮੈਂਬਰ ਹੜਤਾਲ ‘ਚ ਸ਼ਾਮਲ ਹਨ ਅਤੇ ਮਿਸੀਸਾਗਾ ਦੇ ਗੁਰਦੁਆਰਾ ਓਨਟਾਰੀਓ ਖ਼ਾਲਸਾ ਦਰਬਾਰ ਨੇੜ੍ਹੇ ਟਰੱਕਾਂ ਨੂੰ ਪਾਰਕ ਕੀਤਾ ਗਿਆ ਹੈ।