ਕੈਨੇਡਾ ‘ਚ ਵਾਪਰੇ ਦਰਦਨਾਕ ਹਾਦਸੇ ਨੂੰ ਲੈ ਕੇ ਕਈ ਤੱਥ ਆਏ ਸਾਹਮਣੇ, 5 ਭਾਰਤੀ ਵਿਦਿਆਰਥੀਆਂ ਦੀ ਹੋਈ ਸੀ ਮੌਤ

TeamGlobalPunjab
2 Min Read

ਟੋਰਾਂਟੋ: ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨਾਲ ਵਾਪਰੇ ਦਰਦਨਾਕ ਹਾਦਸੇ ਨੂੰ ਲੈ ਕੇ ਕਈ ਤੱਥ ਸਾਹਮਣੇ ਆ ਰਹੇ ਹਨ। ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਵਾਲੀ ਵੈਨ ਨੂੰ ਚਲਦੀ ਸੜਕ ‘ਤੇ ਰੋਕ ਦਿੱਤਾ ਗਿਆ ਸੀ ਤੇ ਇਸ ‘ਚੋਂ ਇਕ ਵਿਅਕਤੀ ਉਤਰ ਕੇ ਬਾਹਰ ਚਲੇ ਗਿਆ, ਪਰ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਵੈਨ ਉਥੇ ਕਿਉਂ ਰੁਕੀ।

ਇਸ ਤੋਂ ਇਲਾਵਾ ਵੈਨ ‘ਚੋਂ ਉਤਰਨ ਵਾਲੇ ਵਿਅਕਤੀ ਦੀ ਪਛਾਣ ਵੀ ਜਨਤਕ ਨਹੀਂ ਕੀਤੀ ਗਈ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਵੈਨ ਵਿਚ ਸਵਾਰ ਵਿਦਿਆਰਥੀਆਂ ‘ਚ ਉਹੀ ਇਕੱਲਾ ਵਿਅਕਤੀ ਹੈ, ਜੋ ਹਾਦਸੇ ਦਾ ਸ਼ਿਕਾਰ ਹੋਣੋਂ ਬਚ ਗਿਆ। ਹਾਦਸੇ ਦੌਰਾਨ ਪੰਜ ਵਿਅਕਤੀ ਦੀ ਮੌਤ ਹੋਈ ਜਦਕਿ ਦੋ ਗੰਭੀਰ ਜ਼ਖ਼ਮੀ ਹੋਏ।

ਮੋਂਟਰੀਅਲ ਸਥਿਤ ਕੈਨੇਡਾ ਕਾਲਜ ਦੇ ਬੁਲਾਰੇ ਜੌਹਨ ਡੇਵਿਡ ਨੇ ਦੱਸਿਆ ਕਿ ਜਾਨ ਗਵਾਉਣ ਵਾਲੇ ਪੰਜ ਵਿਦਿਆਰਥੀਆਂ ਵਿਚ ਤਿੰਨ ਉਨ੍ਹਾਂ ਦੇ ਕਾਲਜ ‘ਚ ਪੜ੍ਹਦੇ ਸਨ, ਜਿਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਵੱਡਾ ਝਟਕਾ ਲੱਗਿਆ।

ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਹਰਿਆਣਾ ਦੇ ਪਿੰਡ ਲਿਲਾਸ ਨਾਲ ਸਬੰਧਤ ਪਵਨ ਕੁਮਾਰ ਦੇ ਰਿਸ਼ਤੇਦਾਰ ਅਮਨ ਜਿਆਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਵਨ ਦੀ ਮੌਤ ਬਾਰੇ ਇੰਸਟਾਗਰਾਮ ਤੋਂ ਪਤਾ ਲੱਗਿਆ। ਆਪਣੇ ਪੰਜ ਭੈਣ-ਭਰਾਵਾਂ ‘ਚੋਂ ਪਵਨ ਸਭ ਤੋਂ ਛੋਟਾ ਸੀ ਅਤੇ ਸਭ ਨੇ ਮਿਲ ਕੇ ਉਸ ਨੂੰ ਕੈਨੇਡਾ ਭੇਜਣ ਦਾ ਮਨ ਬਣਾਇਆ। 2600 ਦੀ ਆਬਾਦੀ ਵਾਲੇ ਹਰਿਆਣਾ ਦੇ ਪਿੰਡ ਲਿਲਾਸ ਤੋਂ ਕੈਨੇਡਾ ਜਾਣ ਵਾਲਾ ਪਵਨ ਕੁਮਾਰ ਪਹਿਲਾ ਸ਼ਖਸ ਬਣ ਗਿਆ।

ਦੱਸ ਦਈਏ ਕਿ ਓਨਟਾਰੀਓ ਦੇ ਬੈਲਵਿਲ ਅਤੇ ਟਰੈਂਟਨ ਸ਼ਹਿਰ ਵਿਚਾਲੇ ਹਾਈਵੇਅ 401 ‘ਤੇ ਵਾਪਰੇ ਹਾਦਸੇ ਦੌਰਾਨ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਪਵਨ ਕੁਮਾਰ ਅਤੇ ਮੋਹਿਤ ਚੌਹਾਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਦੀਆਂ ਦੇਹਾਂ ਭਾਰਤ ਭੇਜਣ ਲਈ ਜਿਥੇ ਓਟਵਾ ਸਥਿਤ ਹਾਈ ਕਮਿਸ਼ਨਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਕਈ ਸਮਾਜ ਸੇਵੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ।

Share This Article
Leave a Comment