ਸ਼ਬਦ ਵਿਚਾਰ 166 -ਵਾਰ ਮਾਝ ਦੀ ਪਹਿਲੀ ਪਉੜੀ

TeamGlobalPunjab
4 Min Read

*ਡਾ. ਗੁਰਦੇਵ ਸਿੰਘ

ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਪਹਿਲੀ ਪਉੜੀ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 138 ‘ਤੇ ਅੰਕਿਤ ਹੈ। ਇਸ ਪਉੜੀ ਵਿੱਚ ਗੁਰੂ ਸਾਹਿਬ ਅਸੀਮ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਦੇ ਮਹਾਨ ਮਹਾਨ ਗੁਣਾਂ ਦਾ ਵਖਿਆਨ ਕਰ ਰਹੇ ਹਨ। ਗੁਰੂ ਸਾਹਿਬ ਇਸ ਪਉੜੀ ਵਿੱਚ ਮਨੁੱਖ ਦਾ ਇਸ ਸੰਬੰਧ ਵਿੱਚ ਮਾਰਗ ਰੋਸ਼ਨ ਕਰ ਰਹੇ ਹਨ ਮਨੁੱਖ ਨੂੰ ਕਿਸ ਦੇ ਲੜ ਲੱਗਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਮਨੁੱਖ ਗੁਰੂ ਦੇ ਦਸੇ ਮਾਰਗ ‘ਤੇ ਚੱਲਦੇ ਹਨ ਉਨ੍ਹਾਂ ਲਈ ਵੀ ਗੁਰੂ ਸਾਹਿਬ ਵਿਸ਼ੇਸ਼ ਉਪਦੇਸ਼ ਇਸ ਪਉੜੀ ਵਿੱਚ ਕਰਦੇ ਹਨ:

ਪਉੜੀ ॥ ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥ ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥ ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥ ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥ ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥ ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥ 

ਪਦ ਅਰਥ: ਅਗੰਮੁ = ਜਿਸ ਤਕ ਪਹੁੰਚ ਨਾ ਹੋ ਸਕੇ। ਰੰਗ ਪਰੰਗ = ਕਈ ਰੰਗਾਂ ਦੀ। ਉਪਾਰਜਨਾ = ਪੈਦਾ ਕੀਤੀ। ਤੁਮਾਰੀ = ਤੇਰਾ ਹੀ। ਇਕਿ = ਕਈ ਜੀਵ। ਚਲੂਲਿਆ = {ਚੂੰ-ਲਾਲਹ, ਫਾਰਸੀ} ਲਾਲਹ ਫੁੱਲ ਵਰਗੇ ਲਾਲ, ਗੂੜ੍ਹੇ ਲਾਲ ਰੰਗ ਵਾਲੇ। ਸੋ ਨਿਰੰਜਨੋ = ਉਸ ਮਾਇਆ ਰਹਿਤ ਪ੍ਰਭੂ ਨੂੰ। ਬਿਧਾਤੀ = ਬਿਧਾਤਾ, ਸਿਰਜਣਹਾਰ। ਸੁਜਾਣੁ = ਚੰਗੀ ਤਰ੍ਹਾਂ ਜਾਣਨ ਵਾਲਾ, ਸਿਆਣਾ।

ਅਰਥ: ਹੇ (ਪ੍ਰਭੂ!) ਤੂੰ ਸਿਰਜਣਹਾਰ ਹੈਂ, ਸਭ ਵਿਚ ਮੌਜੂਦ ਹੈਂ, (ਫਿਰ ਭੀ) ਤੇਰੇ ਤੀਕ ਕਿਸੇ ਦੀ ਪਹੁੰਚ ਨਹੀਂ ਹੈ, ਤੂੰ ਆਪ (ਸਾਰੀ) ਸ੍ਰਿਸ਼ਟੀ ਉਪਾਈ ਹੈ, (ਇਹ ਰਚਨਾ) ਤੂੰ ਕਈ ਰੰਗਾਂ ਦੀ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ। (ਜਗਤ ਦਾ ਇਹ) ਸਾਰਾ ਤਮਾਸ਼ਾ ਤੇਰਾ ਹੀ (ਬਣਾਇਆ ਹੋਇਆ) ਹੈ, (ਇਸ ਤਮਾਸ਼ੇ ਦੇ ਭੇਤ ਨੂੰ) ਤੂੰ ਆਪ ਹੀ ਜਾਣਦਾ ਹੈਂ, ਜਿਸ ਨੇ (ਖੇਲ ਬਣਾਇਆ ਹੋਇਆ) ਹੈ।) ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) ‘ਨਾਮ’ ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ, ਉਹ ਮਨੁੱਖ ਗੁਰੂ ਦੇ ਸਨਮੁਖ ਹਨ ਉਹ (ਪ੍ਰਭੂ ਦੇ) ਪਿਆਰ ਵਿਚ ਗੂੜ੍ਹੇ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਰੰਗੇ ਹੋਏ ਹਨ। (ਹੇ ਭਾਈ!) ਜੋ ਪ੍ਰਭੂ ਸਭ ਵਿਚ ਵਿਆਪਕ (ਪੁਰਖ) ਹੈ, ਜਗਤ ਦਾ ਰਚਨ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ ਤੇ ਮਾਇਆ ਤੋਂ ਰਹਿਤ ਹੈ, ਉਸ ਨੂੰ ਸਿਮਰੋ। ਹੇ ਪ੍ਰਭੂ! ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈਂ; ਹੇ ਮੇਰੇ ਸੱਚੇ (ਸਾਹਿਬ!) ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ।1।

ਅਸੀਮ ਸ਼ਕਤੀਆਂ ਦੇ ਮਾਲਕ ਪ੍ਰਭੂ ਨੇ ਇਹ ਸ੍ਰਿਸ਼ਟੀ ਕਈ ਰੰਗਾਂ ਤੇ ਤਰੀਕਿਆ ਨਾਲ ਸਾਜੀ ਹੈ। ਜਗਤ ਦਾ ਸਾਰਾ ਤਮਾਸ਼ਾ ਉਸ ਅਕਾਲ ਪੁਰਖ ਦਾ ਹੀ ਰਚਿਆ ਹੋਇਆ ਹੈ ਤੇ ਉਹ ਆਪ ਹੀ ਇਸ ਵਿੱਚ ਰਮਿਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਅਜਿਹੇ ਹੀ ਸਰਬ ਵਿਆਪੀ ਤੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰਨ ਦਾ ਹੀ ਉਪਦੇਸ਼ ਦੇ ਰਹੇ ਹਨ। ਗੁਰੂ ਸਾਹਿਬ ਉਨ੍ਹਾਂ ਸਿੱਖਾਂ ‘ਤੇ ਕੁਰਬਾਨ ਜਾਂਦੇ ਹਨ ਜਿਨ੍ਹਾਂ ਨੇ ਇਸ ਉਪਦੇਸ਼ ਨੂੰ ਮੰਨ ਕੇ ਚਿਰ ਸਥਾਈ ਪ੍ਰਭੂ ਨੂੰ ਸਿਮਰਿਆ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਲੜੀ ਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਦੂਜੀ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। 

*[email protected]

Share This Article
Leave a Comment