ਨਵੀਂ ਦਿੱਲੀ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਦੁਨੀਆ ਭਰ ਦੇ ਦੇਸ਼ ਪ੍ਰੇਸ਼ਾਨ ਹਨ। ਭਾਰਤ ਸਮੇਤ ਜ਼ਿਆਦਾਤਰ ਦੇਸ਼ ਯੂਕਰੇਨ ਤੋਂ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ‘ਚ ਲੱਗੇ ਹੋਏ ਹਨ। ਇਸ ਦੌਰਾਨ ਯੂਕਰੇਨ ਸੰਕਟ ‘ਤੇ ਲਗਾਤਾਰ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਬੈਠਕ ਬੁਲਾਈ ਹੈ।ਇਸ ਬੈਠਕ ‘ਚ ਵਿਦੇਸ਼ ਮੰਤਰਾਲੇ ਦੇ ਉੱਚ ਅਧਿਕਾਰੀ ਮੌਜੂਦ ਹੋ ਸਕਦੇ ਹਨ। ਇਸ ਤੋਂ ਪਹਿਲਾਂ ਵੀ ਐਤਵਾਰ ਨੂੰ ਪੀਐਮ ਮੋਦੀ ਨੇ ਉੱਚ ਪੱਧਰੀ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਸੀ।
ਇਸ ਮੀਟਿੰਗ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਐਨਐਸਏ ਅਜੀਤ ਡੋਵਾਲ ਮੌਜੂਦ ਸਨ। ਮੀਟਿੰਗ ਵਿੱਚ ਯੂਕਰੇਨ ਤੋਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ ਗਈ ਅਤੇ ਯਤਨਾਂ ਨੂੰ ਹੋਰ ਤੇਜ਼ ਕਰਨ ’ਤੇ ਜ਼ੋਰ ਦਿੱਤਾ ਗਿਆ।ਸਰਕਾਰ ਦੀ ਤਰਜੀਹ ਜੰਗ ਪ੍ਰਭਾਵਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣਾ ਹੈ ਅਤੇ ਇਸ ਦਿਸ਼ਾ ਵਿੱਚ ਵੱਡੇ ਕਦਮ ਚੁੱਕੇ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਯੂਕਰੇਨ ਤੋਂ ਹੁਣ ਤੱਕ ਲਗਭਗ 1400 ਭਾਰਤੀ ਘਰ ਪਰਤ ਚੁੱਕੇ ਹਨ।ਸਰਕਾਰ ਨੇ ਇਸ ਲਈ ‘ਆਪ੍ਰੇਸ਼ਨ ਗੰਗਾ’ ਚਲਾਇਆ ਹੈ, ਜਿਸ ਤਹਿਤ ਭਾਰਤੀਆਂ ਨੂੰ ਲੈ ਕੇ 6 ਜਹਾਜ਼ ਵਤਨ ਪਰਤ ਆਏ ਹਨ।
ਸਰਕਾਰੀ ਸੂਤਰਾਂ ਅਨੁਸਾਰ ਕੁਝ ਕੇਂਦਰੀ ਮੰਤਰੀ ਵਿਦਿਆਰਥੀਆਂ ਨੂੰ ਕੱਢਣ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ਦਾ ਦੌਰਾ ਕਰ ਸਕਦੇ ਹਨ। ਇਸ ਕੰਮ ਲਈ ਬਾਹਰ ਗਏ ਮੰਤਰੀਆਂ ਵਿੱਚ ਹਰਦੀਪ ਪੁਰੀ , ਜੋਤੀਰਾਦਿੱਤਿਆ ਸਿੰਧੀਆ , ਕਿਰਨ ਰਿਜਿਜੂ ਅਤੇ ਵੀ.ਕੇ. ਸਿੰਘਸ਼ਾਮਲ ਹਨ। ਮੰਨਿਆ ਜਾਂਦਾ ਹੈ ਕਿ ਲਗਭਗ 16,000 ਵਿਦਿਆਰਥੀ ਯੂਕਰੇਨ ਵਿੱਚ ਬੰਕਰਾਂ, ਬੰਬ ਸ਼ੈਲਟਰਾਂ ਜਾਂ ਆਪਣੇ ਹੋਸਟਲਾਂ ਦੇ ਬੇਸਮੈਂਟਾਂ ਵਿੱਚ ਲੁਕੇ ਹੋਏ ਹਨ।
ਗੁਆਂਢੀ ਦੇਸ਼ਾਂ ਜਿਵੇਂ ਕਿ ਰੋਮਾਨੀਆ, ਹੰਗਰੀ, ਸਲੋਵਾਕ ਗਣਰਾਜ ਅਤੇ ਪੋਲੈਂਡ ਤੋਂ ਵਿਦਿਆਰਥੀਆਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। ਹਾਲਾਂਕਿ, ਬਹੁਤ ਸਾਰੇ ਵਿਦਿਆਰਥੀ ਇਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਤੱਕ ਪਹੁੰਚਣ ਲਈ ਪੈਦਲ ਹੀ ਰਵਾਨਾ ਹੋਏ ਹਨ।
ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਸ਼ਨੀਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਹੈਲਪਲਾਈਨ ਨੰਬਰਾਂ ਦੀ ਵਰਤੋਂ ਕਰਦੇ ਹੋਏ ਸਰਕਾਰੀ ਅਧਿਕਾਰੀਆਂ ਨਾਲ ਤਾਲਮੇਲ ਕੀਤੇ ਬਿਨਾਂ ਕਿਸੇ ਵੀ ਸਰਹੱਦੀ ਚੌਕੀ ‘ਤੇ ਨਹੀਂ ਜਾਣਾ ਚਾਹੀਦਾ। ਦੂਤਾਵਾਸ ਨੇ ਕਿਹਾ ਸੀ ਕਿ ਬਿਨਾਂ ਸੂਚਨਾ ਦੇ ਸਰਹੱਦੀ ਚੌਕੀਆਂ ‘ਤੇ ਪਹੁੰਚਣ ਵਾਲਿਆਂ ਦੀ ਮਦਦ ਕਰਨਾ ਮੁਸ਼ਕਲ ਹੈ।