ਜੰਮੂ ਕਸ਼ਮੀਰ – ਜੰਮੂ ਅਤੇ ਕਸ਼ਮੀਰ ਦੇ ਇੱਕ ਆਨਲਾਈਨ ਮੈਗਜ਼ੀਨ ਦੇ ਐਡੀਟਰ ਇਨ ਚੀਫ਼ ਫਾਹਦ ਸ਼ਾਹ ਨੂੰ ਕਥਿਤ ਤੌਰ ਤੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਨੂੰ ਵਧੇਰੇ ਜਗ੍ਹਾ ਦੇਣ ਤੇ ਕਾਨੂੰਨ ਵਿਵਸਥਾ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਕਸ ਨੂੰ ਢਾਹ ਲਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਫਾਹਦ ਸ਼ਾਹ ਇਕ ਪੱਤਰਕਾਰ ਦੇ ਤੌਰ ਤੇ ‘ਦਾ ਕਸ਼ਮੀਰਵਾਲਾ’ ਆਨਲਾਈਨ ਨਿਊਜ਼ ਮੈਗਜ਼ੀਨ ਚਲਾਉਂਦਾ ਹੈ।
ਪੁਲਵਾਮਾ ਪੁਲੀਸ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਫੇਸਬੁੱਕ ਦੇ ਪੇਜ ਤੇ ਪੋਰਟਲ ਚਲਾਉਣ ਵਾਲੇ ਅਜਿਹੀਆਂ ਪੋਸਟਾਂ, ਫੋਟੋਆਂ ਅਤੇ ਵੀਡੀਓ ਪੋਸਟ ਕਰ ਰਹੇ ਹਨ ਕਿ ਜਿਸ ਨਾਲ ਆਮ ਜਨਤਾ ਵਿੱਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਸਕਦਾ ਹੈ। ਇਨ੍ਹਾਂ ਪੋਸਟਾਂ ਦੇ ਕਾਰਨ ਕਾਨੂੰਨ ਵਿਵਸਥਾ ਨੂੰ ਢਾਅ ਲੱਗ ਸਕਦੀ ਹੈ।
ਪੁਲੀਸ ਨੇ ਆਪਣੇ ਬਿਆਨ ਚ ਅੱਗੇ ਕਿਹਾ ਕਿ ਐਫ ਆਈ ਆਰ ਨੰਬਰ 19/2022 ਹੇਠ ਜਾਂਚ ਪੜਤਾਲ ਦੇ ਦੌਰਾਨ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਹੁਣ ਉਹ ਪੁਲੀਸ ਹਿਰਾਸਤ ਵਿੱਚ ਹੈ। ਇਸ ਮਾਮਲੇ ਚ ਅੱਗੇ ਜਾਂਚ ਪਡ਼ਤਾਲ ਜਾਰੀ ਹੈ, ਪੁਲੀਸ ਨੇ ਜਾਰੀ ਕੀਤੇ ਬਿਆਨ ‘ਚ ਦੱਸਿਆ।
ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਸ਼ਾਹ ਨੂੰ 1 ਫਰਵਰੀ ਨੂੰ ਬਿਆਨ ਦਰਜ ਕਰਾਉਣ ਲਈ ਤੇ ਪੁੱਛ ਪੜਤਾਲ ਲਈ ਬੁਲਾਇਆ ਗਿਆ ਸੀ ਉਸਦੇ ਬਾਅਦ ਹੀ ਸ਼ਾਹ ਦੀ ਗ੍ਰਿਫਤਾਰੀ ਹੋਈ ਹੈ।

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਕਸ਼ਮੀਰ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਪੋਸਟ ਪਾ ਕੇ ਕਿਹਾ “ਸੱਚ ਲਈ ਖੜੇ ਹੋਣਾ ਰਾਸ਼ਟਰ ਵਿਰੋਧੀ ਮੰਨਿਆ ਜਾਂਦਾ ਹੈ। ਅਸਹਿਣਸ਼ੀਲ ਅਤੇ ਤਾਨਾਸ਼ਾਹੀ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਵੀ ਦੇਸ਼ ਵਿਰੋਧੀ ਹੈ। ਫਹਾਦ ਦਾ ਪੱਤਰਕਾਰੀ ‘ਚ ਕੰਮ ਆਪਣੇ ਆਪ ‘ਚ ਬੋਲਦਾ ਹੈ ਅਤੇ ਜ਼ਮੀਨੀ ਹਕੀਕਤ ਨੂੰ GOI ਲਈ ਬੇਲੋੜੀ ਦਰਸਾਉਂਦਾ ਹੈ। ਤੁਸੀਂ ਕਿੰਨੇ ਫਹਾਦ ਗ੍ਰਿਫਤਾਰ ਕਰੋਗੇ?”