ਪੇਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਵਾ ਸੂਬੇ ਦੇ ਸ਼ਹਿਰ ਹਰੀਪੁਰ ਦੇ ਸਿਦੀਕੀ-ਏ-ਅਕਬਰ ਚੌਕ ਤੋਂ ਸਿੱਖ ਜਨਰਲ ਹਰੀ ਸਿੰਘ ਨਲੂਆ ਦਾ ਬੁਤ ਹਟਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸਲਾਮ ਦੇ ਪਹਿਲੇ ਖ਼ਲੀਫ਼ਾ ਹਜ਼ਰਤ ਅਬਦੁਲ ਬਕਰ ਦੇ ਨਾਮ ’ਤੇ ਬਣੇ ਚੌਰਾਹੇ ’ਤੇ ਇਸ ਬੁੱਤ ਦੀ ਸਥਾਪਨਾ ’ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਬੁੱਤ ਨੂੰ ਹਟਾ ਦਿੱਤਾ ਗਿਆ।
ਦੱਸਣਯੋਗ ਹੈ ਕਿ ਹਰੀ ਸਿੰਘ ਨਲੂਆ ਦੇ ਲਗਭਗ 8 ਫ਼ੁਟ ਲੰਬੇ ਧਾਤ ਦੇ ਬੁੱਤ ਦਾ ਨਿਰਮਾਣ ਸਤੰਬਰ 2017 ਵਿਚ ਕੀਤਾ ਗਿਆ ਸੀ।
ਬੁੱਤ ਢਾਹੇ ਜਾਣ ਦੀਆਂ ਖਬਰਾਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗੀ ਹੈ ਤੇ ਭਾਈਚਾਰੇ ਵਲੋਂ ਰੋਸ ਵੀ ਪ੍ਰਗਟਾਇਆ ਜਾ ਰਿਹਾ ਹੈ।
ਸਿੱਖਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਇਸ ਤਰ੍ਹਾਂ ਦਾ ਫ਼ੈਸਲੇ ਲੈਣ ਵਾਲੇ ਅਧਿਕਾਰੀ ਭੁੱਲ ਗਏ ਹਨ ਕਿ ਇਤਿਹਾਸ ਨੂੰ ਨਾ ਤਾਂ ਬਦਲਿਆ ਜਾ ਸਕਦਾ ਹੈ ਅਤੇ ਨਾ ਹੀ ਪਲਟਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਹਰੀ ਸਿੰਘ ਨਲੂਆ ਸਿੱਖ ਖ਼ਾਲਸਾ ਫੌਜ ਦੇ ਮਹਾਨ ਦੇ ਕਮਾਂਡਰ-ਇਨ-ਚੀਫ਼ ਸਨ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ ਅਤੇ ਉਨ੍ਹਾਂ ਦੀਆਂ ਜਿੱਤਾਂ ਵਿਚ ਇਕ ਪ੍ਰਮੁੱਖ ਭੂਮਿਕਾ ਨਿਭਾਈ।