ਚੰਡੀਗੜ੍ਹ – ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਚੋਣਾਂ ਦੇ ਦੌਰਾਨ ਪ੍ਰਚਾਰ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੇ ਹੱਕ ਵਿੱਚ ਹਲਕਾ ਅੰਮ੍ਰਿਤਸਰ ਪੂਰਬੀ ਚ ਘੱਟੋ ਘੱਟ ਦੋ ਵਾਰੀ ਪ੍ਰਚਾਰ ਕਰਨ ਜਾਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਗਾਂਧੀ ਨੇ ਕਿਹਾ ਕਿ ਉਹ ਪਿਛਲੇ 40-50 ਸਾਲਾਂ ਤੋਂ ਪੰਜਾਬ ਦੀ ਸਿਆਸਤ ਨੂੰ ਬਹੁਤ ਗੰਭੀਰਤਾ ਨਾਲ ਵੇਖਦੇ ਆ ਰਹੇ ਹਨ ਤੇ ਖ਼ਾਸ ਤੌਰ ਤੇ ਪਿਛਲੇ ਪੰਦਰਾਂ ਵਰ੍ਹਿਆਂ ਵਿਚ ਉਨ੍ਹਾਂ ਨੇ ਸਿਆਸਤ ਦਾ ਚਿਹਰਾ ਬਹੁਤ ਨੇੜੇ ਹੋ ਕੇ ਵੇਖਿਆ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਚ ਹੋਈ ਆਰਥਿਕ ਤੇ ਸਮਾਜਿਕ ਗਿਰਾਵਟ ਦੇ ਉਹ ਚਸ਼ਮਦੀਦ ਗਵਾਹ ਹਨ ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਰਥਿਕ ਖੁਸ਼ਹਾਲੀ ਨੂੰ ਭੂ ਮਾਫ਼ੀਆ, ਸ਼ਰਾਬ ਮਾਫ਼ੀਆ, ਰੇਤ ਮਾਫੀਆ , ਨਸ਼ਾ ਮਾਫੀਆ , ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਤੇ ਹੋਰ ਸਾਰੇ ਕਿਸਮ ਦੇ ਮਾਫ਼ੀਏ ਨਾਗਵੱਲ ਪਾਈ ਬੈਠੇ ਹਨ। ਗਾਂਧੀ ਨੇ ਕਿਹਾ ਕਿ ਸੂਬੇ ਦੇ ਕੁਝ ਸਿਆਸੀ ਤੇ ਸ਼ਾਹੀ ਪਰਿਵਾਰ ਸੱਤਾ ਤੇ ਕਾਬਜ਼ ਰਹੇ ਹਨ ਤੇ ਉਨ੍ਹਾਂ ਨੇ ਮਾਫ਼ੀਆ ਰਾਜ ਨੂੰ ਵੀ ਕਾਇਮ ਰੱਖਿਆ।
ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਚੋਣਾਂ ਚ ਪਟਿਆਲਾ ਦੇ ਕਾਂਗਰਸੀ ਉਮੀਦਵਾਰ ਦਾ ਸਾਥ ਦੇਣਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਲਈ ਪ੍ਰਚਾਰ ਕਰਨ ਜਾਣਗੇ। ਇਸ ਸਵਾਲ ਦਾ ਜਵਾਬ ਦਿੰਦਿਆਂ ਹੋਏ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਬਹੁਤ ਸਪੱਸ਼ਟ ਹੈ ਤੇ ਉਹ ਸੰਯੁਕਤ ਸਮਾਜ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ ਪਰ ਉਹ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਕਰਨ ਉਨ੍ਹਾਂ ਦੀ ਸੀਟ ਅੰਮ੍ਰਿਤਸਰ ਪੂਰਬੀ ਜ਼ਰੂਰ ਜਾਣਗੇ।
ਡਾ ਗਾਂਧੀ ਨੇ ਕਿਹਾ ਕਿ ਸਿੱਧੂ ਨਾਲ ਮੇਰੇ ਕਈ ਮਤਭੇਦ ਹੋ ਸਕਦੇ ਹਨ । ਜਿਸ ਵਿੱਚ ਉਨ੍ਹਾਂ ਦੀ ਭਾਸ਼ਾ ਦਾ ਕੰਟਰੋਲ ਨਾ ਹੋਣਾ ,ਸੰਵਾਦ ਚ ਸੰਜਮ ਨਾ ਹੋਣਾ ਤੇ ਕਈ ਵਾਰ ਆਪ ਹੁਦਰਾਪਣ , ਇਹ ਸਾਰੀਆਂ ਗੱਲਾਂ ਚਾਹੇ ਉਨ੍ਹਾਂ ਨੂੰ ਨਹੀਂ ਪਸੰਦ ਹਨ ਪਰ ਪੰਜਾਬ ਦੀ ਸਿਆਸੀ ਲੜਾਈ ਵਿੱਚ ਉਹ ਸਿੱਧੂ ਦੇ ਨਾਲ ਖਡ਼੍ਹੇ ਹਨ।
ਡਾ ਗਾਂਧੀ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਸਿੱਧੂ ਦੀ ਸੋਚ ਤੇ ਤਰੱਕੀ ਦਾ ਰਾਹ ਨਹਾਉਣ ਲਈ ਪਾਕਿਸਤਾਨ ਨਾਲ ਅਮਨ ਤੇ ਸ਼ਾਂਤੀ ਦਾ ਮਾਹੌਲ ਸਿਰਜਣਾ ਤੇ ਵਪਾਰ ਦੀ ਸਾਂਝ ਦੇ ਵਿਚਾਰ ਤੇ ਰਸਤੇ ਨੂੰ ਲੈ ਕੇ ਉਹ ਬਿਲਕੁਲ ਸਹਿਮਤ ਹਨ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਵੀ ਇਹੋ ਸੋਚ ਹੈ।
ਉਨ੍ਹਾਂ ਨੇ ਕਿਹਾ ਕਿ ਮਾਫ਼ੀਆ ਰਾਜ ਨੂੰ ਲੈ ਕੇ ਸਿੱਧੂ ਦੀ ਦ੍ਰਿੜ੍ਹਤਾ ਦੇ ਉਹ ਪੂਰੀ ਤਰ੍ਹਾਂ ਹਮਾਇਤੀ ਹਨ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਵਿਰੋਧੀ ਜਮਾਤਾਂ ਵੱਲੋਂ ਸਿੱਧੂ ਦੀ ਪੁਰਜ਼ੋਰ ਘੇਰਾਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਆਪਣੀ ਪਾਰਟੀ ਦੇ ਅੰਦਰੋਂ ਵੀ ਬਹੁਤ ਜਣੇ ਅਜਿਹੇ ਹਨ ਜੋ ਉਨ੍ਹਾਂ ਦੇ ਵਿਰੋਧੀ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਸਿਆਸੀ ਤੌਰ ਤੇ ਢਾਅ ਲਾਉਣ ਤੇ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਹੇਠ ਸਿਆਸੀ ਧਿਰਾਂ ਵੱਲੋਂ ਘੇਰਾਬੰਦੀ ਕੀਤੀ ਜਾ ਰਹੀ ਹੈ।