ਚੰਡੀਗੜ੍ਹ – ਸਾਬਕਾ ਮੰਤਰੀ ਰਹੇ ਜਗਮੋਹਨ ਕੰਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਤੇ ਹੋਈ ਈਡੀ ਵੱਲੋਂ ਰੇਡ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਅੱਜ ਕੰਗ ਨੇ ਚੰਡੀਗਡ਼੍ਹ ਚ ਆਪਣੇ ਨਿਵਾਸ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਜਿਸ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਦੀਆਂ ਟਿਕਟਾਂ ਨੂੰ ਵੇਚੇ ਜਾਣ ਦੀ ਗੱਲ ਕਹੀ ਤੇ ਇਸ ਮਾਮਲੇ ਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ।
ਕੰਗ ਨੇ ਕਿਹਾ ਕਿ ਚੰਨੀ ਚਮਕੌਰ ਸਾਹਿਬ ਇਲਾਕੇ ਦੇ ਲੋਕਾਂ ਨੂੰ ਛੱਡ ਕੇ ਭਦੌੜ ਸੀਟ ਤੇ ਲੜਨ ਲਈ ਭੱਜ ਗਏ ਹਨ । ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਅੰਦਰੋਂ ਖ਼ਬਰ ਮਿਲੀ ਹੈ ਕਿ ਜਿਹੜੀ ਕਾਂਗਰਸ ਦੀ ਲਿਸਟ ਬੀਤੇ ਦਿਨ ਜਾਰੀ ਹੋਈ ਹੈ ਉਹ ਇਕ ਦਿਨ ਪਹਿਲਾਂ ਕਾਂਗਰਸ ਵੱਲੋਂ ਜਾਰੀ ਕੀਤੀ ਜਾਣੀ ਸੀ ਪਰ ਚੰਨੀ ਨੇ ਆਪਣੀ ਸੀਟ ਆਪਣੀ ਮਰਜ਼ੀ ਦੀ ਥਾਂ ਤੋਂ ਲੈਣ ਵਾਸਤੇ ਲਿਸਟ ਇੱਕ ਦਿਨ ਲੇਟ ਕਰਾ ਦਿੱਤੀ।
ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜੇਕਰ ਕਾਂਗਰਸ ਪਾਰਟੀ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਂਦਾ ਹੈ ਤਾਂ ਫਿਰ ਉਨ੍ਹਾਂ ਦਾ ਕੀ ਕਹਿਣਾ ਹੋਵੇਗਾ। ਇਸ ਦੇ ਜਵਾਬ ਵਿੱਚ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਵੱਲੋਂ ਐਲਾਨਿਆ ਜਾਣਾ ਹੈ ਅਜੇ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਲੋਕ ਕਿਸ ਨੂੰ ਮੁੱਖ ਮੰਤਰੀ ਬਣਾਉਣਗੇ। ਉਨ੍ਹਾਂ ਨੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਤਾਰੀਫ਼ ਕਰਦੇ ਹੋਏ ਕਿਹਾ ਕੀ ਉਹ ਇੱਕ ਪੜ੍ਹੇ ਲਿਖੇ ਸੂਝਵਾਨ ਤੇ ਸੁਲਝੇ ਲੀਡਰ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੁੂੰ ਵੀ ਜੇ ਕੋਈ ਦਲੀਲ ਨਾਲ ਜਵਾਬ ਦੇ ਸਕਦਾ ਸੀ ਤੇ ਉਹ ਜਾਖੜ ਹੀ ਸਨ। ਮੌਜੂਦਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਕੰਗ ਨੇ ਕਿਹਾ ਕੀ ਸਿੱਧੂ ਵਰਗਾ ਵਧੀਆ ਬੁਲਾਰਾ ਹੋਰ ਕੋਈ ਨਹੀਂ ਹੈ।
ਕੰਗ ਨੇ ਚੰਨੀ ਨਾਲ ਜੁੜੇ ਕਥਿਤ ਮੀ ਟੂ ਮਾਮਲੇ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ ਅਤੇ ਕਿਹਾ ਕਿ ਉਹ ਕੈਪਟਨ ਨੂੰ ਇਸ ਮਾਮਲੇ ਚ ਕਦੇ ਵੀ ਮੁਆਫ਼ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਚੰਨੀ ਨੂੰ ਇਸ ਤਰ੍ਹਾਂ ਦੇ ਸੰਗੀਨ ਮਾਮਲੇ ਚ ਵੀ ਕਲੀਨ ਚਿੱਟ ਦੇ ਦਿੱਤੀ।
ਕੰਗ ਨੇ ਕਿਹਾ ਕਿ ਉਹ ਚੋਣਾਂ ਜ਼ਰੂਰ ਲੜਨਗੇ ਤੇ ਉਨ੍ਹਾਂ ਦੇ ਕਾਗਜ਼ ਤਿਆਰ ਹਨ, ਕੱਲ੍ਹ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰ ਦੇਣਗੇ। ਦੱਸ ਦੇਈਏ ਕਿ ਕੰਗ ਆਪਣੇ ਪੁੱਤਰ ਬਨੀ ਕੰਗ ਲਈ ਕਾਂਗਰਸ ਦੀ ਟਿਕਟ ਮੰਗ ਰਹੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਲਾਕੇ ਦੇ ਲੋਕਾਂ ਚ ਕਾਫੀ ਮਾਯੂਸੀ ਹੈ ਕਿ ਚੰਨੀ ਨੇ ਇੱਕ ਦਾਗੀ ਬੰਦੇ ਨੂੰ ਟਿਕਟ ਦਿਵਾਈ ਹੈ।
ਕੰਗ ਨੇ ਕਿਹਾ ਕਿ ਉਹ ਚਮਕੌਰ ਸਾਹਿਬ ਜਾ ਕੇ ਮੱਥਾ ਟੇਕਣਗੇ ਤੇ ਚੰਨੀ ਦੇ ਖ਼ਿਲਾਫ਼ ਸਾਰੇ ਕਾਗਜ਼ ਤੇ ਸਬੂਤਾਂ ਸਮੇਤ ਪਿੰਡ ਪਿੰਡ ਲੋਕਾਂ ਵਿਚਕਾਰ ਜਾਣਗੇ ਤੇ ਇਸੇ ਤਰ੍ਹਾਂ ਉਹ ਭਦੌੜ ਜਾ ਕੇ ਵੀ ਲੋਕਾਂ ਵਿੱਚ ਸਾਰੀਆਂ ਗੱਲਾਂ ਰੱਖਣਗੇ।
ਕੰਗ ਨੇ ਕਿਹਾ ਕਿ ਪਹਿਲਾਂ ਤਾਂ ਚੰਨੀ ਵਲੋੰ ਇਹ ਗੱਲ ਕਹੀ ਗਈ ਸੀ ਕਿ ਇੱਕ ਸਰਵੇ ਦੇ ਵਿੱਚ ਉਨ੍ਹਾਂ ਦਾ ਨਾਮ ਅੱਗੇ ਚੱਲ ਰਿਹਾ ਹੈ ਫੇਰ ਹਿੰਦੂ ਸੀਟ ਕਹਿ ਕੇ ਦੋ ਜਣਿਆਂ ਨੂੰ ਲਾਰਾ ਲਾਇਆ। ਰਾਜਨ ਕੌਸ਼ਲ ਤੇ ਤਰੁਣ ਗੁਪਤਾ ਨੇ ਆਪਣੇ ਬੋਰਡ ਅਤੇ ਬੈਨਰ ਲਾ ਕੇ ਖ਼ਰਚਾ ਕੀਤਾ ਤੇ ਫੇਰ ਅਖੀਰ ਵਿੱਚ ਟਿਕਟ ਟਿੰਕੂ ਨੂੰ ਦੇ ਦਿੱਤੀ। ਕੰਗ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਲਈ ਚੰਨੀ ਤੇ ਹਰੀਸ਼ ਚੌਧਰੀ ਨੂੰ ਜ਼ਿੰਮੇਵਾਰ ਠਹਿਰਾਇਆ।