ਮੁਸਤਫਾ ਦੇ ਹਿੰਦੂ ਵਿਰੋਧੀ ਬਿਆਨ ਨੇ ਕਾਂਗਰਸ ਦੀ ਹਿੰਦੂ ਅਤੇ ਦੇਸ਼ ਵਿਰੋਧੀ ਮਾਨਸਿਕਤਾ ਦਾ ਕੀਤਾ ਪਰਦਾਫਾਸ਼: ਜੀਵਨ ਗੁਪਤਾ

TeamGlobalPunjab
3 Min Read

ਚੰਡੀਗੜ੍ਹ:  ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵੱਲੋਂ ਮਲੇਰਕੋਟਲਾ ਵਿੱਚ ਚੋਣ ਪ੍ਰਚਾਰ ਦੌਰਾਨ ਹਿੰਦੂ ਵਿਰੋਧੀ ਬਿਆਨ ‘ਕਿ ਜੇਕਰ ਹਿੰਦੂਆਂ ਨੂੰ ਉਨ੍ਹਾਂ ਦੇ ਬਰਾਬਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਤਾਂ ਮੁਸਤਫਾ ਜੋ ਸਥਿਤੀ ਪੈਦਾ ਕਰਨਗੇ, ਉਸ ਨੂੰ ਪ੍ਰਸ਼ਾਸਨ ਵਲੋਂ ਸੰਭਾਲਣਾ ਮੁਸ਼ਕਿਲ ਹੋਵੇਗਾ ਅਤੇ ਹਿੰਦੁਆਂ ਨੂੰ ਘਰ ‘ਚ ਵੜ ਕੇ ਮਾਰਨ ਦੀ ਦਿੱਤੀ ਗਈ ਧਮਕੀ ‘ਤੇ ਤਲਖ ਟਿੱਪਣੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਮੁਸਤਫਾ ਦੇ ਅਜਿਹੇ ਬਿਆਨਾਂ ਨਾਲ ਦੇਸ਼ ਅੰਦਰ ਕਾਂਗਰਸ, ਮੁੱਖ ਮੰਤਰੀ ਚੰਨੀ, ਸਿੱਧੂ ਅਤੇ ਉਨ੍ਹਾਂ ਦੇ ਆਗੂਆਂ ਦੀ ਹਿੰਦੂ ਵਿਰੋਧੀ ਮਾਨਸਿਕਤਾ ਦਾ ਇੱਕ ਵਾਰ ਫਿਰ ਪਰਦਾਫਾਸ਼ ਹੋਇਆ ਹੈ। ਜੀਵਨ ਗੁਪਤਾ ਨੇ ਮੁਸਤਫ਼ਾ ਦੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਮੁਸਤਫ਼ਾ ਅਜਿਹਾ ਬਿਆਨ ਦੇ ਕੇ ਪੰਜਾਬ ਦੇ ਸ਼ਾਂਤਮਈ ਅਤੇ ਭਾਈਚਾਰਕ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ। ਗੁਪਤਾ ਨੇ ਕਿਹਾ ਕਿ ਭਾਵੇਂ ਪੁਲਿਸ ਨੇ ਮੁਸਤਫ਼ਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਇਹ ਸਿਰਫ਼ ਇੱਕ ਦਿਖਾਵਾ ਹੈ।

ਜੀਵਨ ਗੁਪਤਾ ਨੇ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਹਮੇਸ਼ਾ ਹੀ ਹਿੰਦੂ ਵਿਰੋਧੀ ਅਤੇ ਦੇਸ਼ ਵਿਰੋਧੀ ਰਹੀ ਹੈ ਅਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਕਿਸੇ ਵੀ ਆਗੂ ਜਾਂ ਵਰਕਰ ਤੋਂ ਦੇਸ਼ ਹਿਤੈਸ਼ੀ ਜਾਂ ਸਮਾਜ ਪੱਖੀ ਸੋਚ ਜਾਂ ਕੰਮਾਂ ਦੀ ਆਸ ਰੱਖਣਾ ਬੇਕਾਰ ਹੈ। ਕਾਂਗਰਸ ਨੇ ਪੰਜਾਬ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਇਆ, ਸਿੱਖ ਕਤਲੇਆਮ ਕੀਤਾ, ਦਿੱਲੀ ਵਿੱਚ ਸਿੱਖ ਭਰਾਵਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ, ਪਰ ਕਦੇ ਵੀ ਕਾਂਗਰਸੀਆਂ ਨੇ ਪੰਜਾਬ ਦੇ ਲੋਕਾਂ ਤੋਂ ਆਪਣੀਆਂ ਇਹਨਾਂ ਕਰਤੂਤਾਂ ਦੀ ਮੁਆਫੀ ਨਹੀਂ ਮੰਗੀ। ਦੂਜੇ ਪਾਸੇ ਨਵਜੋਤ ਸਿੱਧੂ ਵੀ ਵਾਰ-ਵਾਰ ਪਾਕਿਸਤਾਨ ਦੀ ਤਾਰੀਫ਼ ਕਰਕੇ ਲੋਕਾਂ ਦੇ ਸਾਹਮਣੇ ਆਪਣਾ ਪਾਕਿਸਤਾਨੀ ਪ੍ਰੇਮ ਦਿਖਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਸਲਾਹਕਾਰ ਵੀ ਉਨ੍ਹਾਂ ਦੀ ਹੀ ਬੋਲੀ ਬੋਲ ਰਹੇ ਹਨ।

ਜੀਵਨ ਗੁਪਤਾ, ਨੇ ਕਿਹਾ ਕਿ ਹਾਲਾਂਕਿ, ਪੁਲਿਸ ਨੇ ਮੁਹੰਮਦ ਮੁਸਤਫਾ ਦੇ ਖਿਲਾਫ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਨੂੰ ਵਧਾਵਾ ਦੇਣ ਲਈ ਧਾਰਾ 153-ਏ ਦੇ ਤਹਿਤ ਕੇਸ ਦਰਜ ਕੀਤਾ ਹੈ, ਪਰ ਇਹ ਨਾਕਾਫੀ ਹੈ। ਪੁਲਿਸ ਨੇ ਸਰਕਾਰ ਅਤੇ ਸਿੱਧੂ ਦੇ ਦਬਾਅ ਹੇਠ ਮੁਸਤਫਾ ਦੇ ਖਿਲਾਫ ਹਲਕੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਗੁਪਤਾ ਨੇ ਮੰਗ ਕੀਤੀ ਕਿ ਭਾਈਚਾਰਿਆਂ ਵਿੱਚ ਦੁਸ਼ਮਣੀ ਪੈਦਾ ਕਰਕੇ ਸਮਾਜ ਨੂੰ ਤੋੜਨ ਅਤੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਤੁਰੰਤ ਸਲਾਖਾਂ ਪਿੱਛੇ ਡੱਕਿਆ ਜਾਵੇ।

Share This Article
Leave a Comment