ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪਰਾਕ੍ਰਮ ਦਿਵਸ ਮੌਕੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
ਪੰਜਾਬ ਰਾਜ ਭਵਨ ਵਿੱਚ ਆਯੋਜਿਤ ਇੱਕ ਸ਼ਾਂਤ ਅਤੇ ਪ੍ਰਭਾਵੀ ਸਮਾਰੋਹ ਵਿੱਚ ਪੁਰੋਹਿਤ ਅਤੇ ਰਾਜ ਭਵਨ ਦੇ ਅਧਿਕਾਰੀਆਂ ਨੇ ਨੇਤਾ ਜੀ ਨੂੰ ਉਨ੍ਹਾਂ ਦੀ 125ਵੀਂ ਜਯੰਤੀ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਰਾਜਪਾਲ ਨੇ ਪ੍ਰੇਰਣਾ ਦੇ ਸਰੋਤ ਬਹਾਦਰ ਨੇਤਾ ਦੇ ਸਨਮਾਨ ਵਿੱਚ ਨਤਮਸਤਕ ਹੋਕੇ ਉਨ੍ਹਾਂ ਨੂੰ ਸ਼ਰਧਾ ਪੂਰਵਕ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨੇਤਾ ਜੀ ਨੇ ਬਹਾਦਰੀ, ਦ੍ਰਿੜਤਾ ਅਤੇ ਕੁਰਬਾਨੀ ਦੀ ਮਿਸਾਲ ਕਾਇਮ ਕਰਦਿਆਂ ਸਾਡੀ ਮਾਤ ਭੂਮੀ ਨੂੰ ਬ੍ਰਿਟਿਸ਼ ਸ਼ਾਸਨ ਦੇ ਜੂਲੇ ਤੋਂ ਆਜ਼ਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਨੇਤਾ ਜੀ ਦੇ ਨਾਅਰੇ `ਜੈ ਹਿੰਦ` ਅਤੇ `ਤੁਸੀਂ ਮੈਨੂੰ ਖੂਨ ਦਿਓ ਅਤੇ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ` ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਭਾਰਤੀਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਈ ਅਤੇ ਰਾਸ਼ਟਰਵਾਦ ਦਾ ਜਜ਼ਬਾ ਭਰਿਆ। ਪੁਰੋਹਿਤ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਮਹਾਨ ਯੋਗਦਾਨ ਲਈ ਦੇਸ਼ ਹਮੇਸ਼ਾ ਨੇਤਾ ਜੀ ਦਾ ਕਰਜ਼ਾਈ ਰਹੇਗਾ।
ਪੁਰੋਹਿਤ ਨੇ ਆਪਣੇ `ਪੰਜਾਬ ਰਾਜ ਭਵਨ ਦੇ ਪਰਿਵਾਰ` ਨੂੰ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਰਾਜ ਭਵਨ ਦੀ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਭ੍ਰਿਸ਼ਟਾਚਾਰ ਮੁਕਤ ਅਤੇ ਪੂਰੀ ਪਾਰਦਰਸ਼ਤਾ ਨਾਲ ਕੰਮਕਾਜ ਕਰਨ।
ਉਨ੍ਹਾਂ ਕਿਹਾ ਕਿ ਨੇਤਾ ਜੀ ਸਾਰੇ ਭਾਰਤੀਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ ਅਤੇ ਨਾਲ ਹੀ ਕਿਹਾ ਕਿ ਆਜ਼ਾਦੀ ਦੀ ਭਾਵਨਾ, ਜਿਸਦਾ ਨੇਤਾਜੀ ਨੇ ਹਮੇਸ਼ਾ ਪੁਰਜ਼ੋਰ ਸਮਰਥਨ ਕੀਤਾ, ਨੂੰ ਮਜ਼ਬੂਤ ਕਰਨ ਲਈ ਸਾਰੇ ਵਚਨਬੱਧ ਰਹੀਏ।