ਜਲਾਲਾਲਬਾਦ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਰੇਤ ਤੇ ਸ਼ਰਾਬ ਦੇ ਕੰਮਾਂ ਲਈ ਸਰਕਾਰੀ ਨਿਗਮ ਬਣਾ ਕੇ ਇਹਨਾਂ ਦੇ ਮਾਫੀਆ ਖਤਮ ਕਰ ਦੇਵੇਗੀ।
ਇਥੇ ਹਲਕੇ, ਜਿਥੋਂ ਉਹ ਚੋਣ ਲੜਨ ਰਹੇ ਹਨ, ਦੇ ਦੌਰੇ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕਾਂਗਰਸੀ ਆਗੂਆਂ ਵੱਲੋਂ ਚਲਾਏ ਜਾ ਰਹੇ ਰੇਤ ਤੇ ਸ਼ਰਾਬ ਮਾਫੀਆ ਨੇ ਸਰਕਾਰੀ ਖ਼ਜ਼ਾਨੇ ਦੀ ਅੰਨੀ ਲੁੱਟ ਕੀਤੀ ਹੈ। ਇਯ ਮਾਫੀਆ ਨੇ ਲੋਕਾਂ ਨੁੰ ਬਹੁਤ ਵੱਡੀਆਂ ਤਕਲੀਫਾਂ ਦਿੱਤੀਆਂ ਤੇ ਇਕੱਲੇ ਤਰਨਤਾਰਨ ਇਲਾਕੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਅਸੀਂ ਵੇਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਰਾਬ ਫੈਕਟਰੀਆਂ ਦੇ ਮਾਲਕਾਂ ਤੋਂ ਸ਼ਰ੍ਹੇਆਮ ਫਿਰੌਤੀਆਂ ਲੈ ਰਹੇ ਸਨ। ਇਹ ਸਭ ਕੁਝ ਬੰਦ ਹੋਣਾ ਚਾਹੀਦਾ ਹੈ। ਅਸੀਂ ਸਰਕਾਰੀ ਨਿਗਮ ਬਣਾ ਕੇ ਇਹਨਾਂ ਧੰਦਿਆਂ ਦੇ ਕੰਮਕਾਜ ਵਿਚ ਪਾਰਦਰਸ਼ਤਾ ਲਿਆ ਕੇ ਇਸ ਮਾਫੀਆ ਦਾ ਭੋਗ ਪਾਵਾਂਗੇ।
ਜਦੋਂ ਉਹਨਾਂ ਤੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਐਲਾਨਣ ਬਾਰੇ ਪੁੱਛਿਆ ਗਿਆ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਸਿਰਫ ਉਮੀਦਵਾਰ ਦਾ ਨਾਂ ਐਲਾਨਿਆ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਆਪ ਨੇ ਸਾਰੇ ਪੰਜਾਬ ਵਿਚ ਪੋਸਟਰ ਲਗਾ ਕੇ ਲੋਕਾਂ ਨੁੰ ਇਕ ਮੌਕਾ ਕੇਜਰੀਵਾਲ ਨੁੰ ਦੇਣ ਦੀ ਗੱਲ ਕਹੀ ਹੈ। ਭਗਵੰਤ ਮਾਨ ਦਾ ਤਾਂ ਕਿਤੇ ਨਾਂ ਵੀ ਨਹੀਂ ਲਿਆ ਗਿਆ ਤੇ ਸਿਰਫ ਕੇਜਰੀਵਾਲ ਵਾਸਤੇ ਮੌਕਾ ਮੰਗਿਆਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਭਗਵੰਤ ਮਾਨ ਕੇਜਰੀਵਾਲ ਦੀ ਜੀ ਹਜ਼ੂਰੀ ਕਰਦਾ ਰਿਹਾ ਤੇ ਉਸਦੇ ਅੱਗੇ ਬੋਲਣ ਦੀ ਜੁਰੱਅਤ ਵੀ ਨਹੀਂ ਰੱਖਦਾ।
ਆਪ ਵੱਲੋਂ ਟਿਕਟਾਂ ਦੀ ਵੰਡ ਕਰਨ ਬਾਰੇ ਬਾਦਲ ਨੇ ਕਿਹਾ ਕਿ ਆਪ ਨੇ ਅਪਰਾਧਿਕ ਪਿਛੋਕੜ ਵਾਲੇ 65 ਉਮੀਦਵਾਰਾਂ ਨੁੰ ਟਿਕਟਾਂ ਦਿੱਤੀਆਂ ਹਨ। ਲੁਧਿਆਣਾ ਵਿਚ ਸਾਰੀਆਂ ਛੇ ਟਿਕਟਾਂ ਅਪਰਾਧਿਕ ਪਿਛੋਕੜ ਵਾਲਿਆਂ ਨੁੰ ਦਿੱਤੀਆਂ ਹਨ ਜਦੋਂ ਕਿ ਬਠਿੰਡਾ ਦਿਹਾਤੀ ਦੀ ਟਿਕਟ ਅਮਿਤ ਰਤਨ ਨੁੰ ਦਿੱਤੀ ਹੈ ਜਿਸਨੁੰ ਅਕਾਲੀ ਦਲ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਾਰਟੀ ਵਿਚੋਂ ਕੱਢ ਦਿੱਤਾ ਸੀ।
ਬਾਦਲ ਨੇ ਦਿੱਲੀ ਵਿਚ ਆਪ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੁਕਮਾਂ ਨੁੰ ਪ੍ਰਵਾਨਗੀ ਨਾ ਦੇਣ ਦੀ ਨਿਖੇਧੀ ਵੀ ਕੀਤੀ। ਉਹਨਾਂ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਵਾਸਤੇ ਕਾਗਜ਼ ਤਿੰਨ ਵਾਰ ਦਿੱਲੀ ਸਰਕਾਰ ਕੋਲ ਭੇਜੇ ਗਏ ਪਰ ਸਰਕਾਰ ਰਿਹਾਈ ਦੀ ਪ੍ਰਵਾਨਗੀ ਨਹੀਂ ਦੇ ਰਹੀ।
ਜਲਾਲਾਬਾਦ ਹਲਕੇ ਦੇ ਦੌਰੇ ਵੇਲੇ ਬਾਦਲ ਨੇ ਸਰਹੱਦੀ ਪੱਟੀ ਲਈ ਸਨੱਅਤੀ ਪੈਕੇਜ ਦੇਣ ਦਾ ਵਾਅਦਾ ਕੀਤਾ ਤੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੋਲਰ ਬਿਜਲੀ ਪ੍ਰਾਜੈਕਟਾਂ ’ਤੇ ਭਾਰੀ ਸਬਸਿਡੀ ਦੇਵੇਗੀ।
ਉਹਨਾਂ ਨੇ ਮਿਉਂਸਪਲ ਕੌਂਸਲਰਾਂ, ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਤੋਂ ਇਲਾਵਾ ਵਪਾਰੀਆਂ ਤੇ ਅਕਾਲੀ ਦਲ ਤੇ ਬਸਪਾ ਵਰਕਰਾਂ ਨਾਲ ਮੀਟਿੰਗਾਂ ਵੀ ਕੀਤੀਆਂ। ਇਸ ਮੌਕੇ ਕਾਂਗਰਸ, ਆਪ ਤੇ ਭਾਜਪਾ ਦੇ ਕਈ ਵਰਕਰ ਪਾਰਟੀ ਪ੍ਰਧਾਨ ਦੀਹਾਜ਼ਰੀ ਵਿਚ ਅਕਾਲੀ ਦਲ ਵਿਚ ਵੀ ਸ਼ਾਮਲ ਹੋਏ। ਇਹਨਾਂ ਨੁੰ ਪਾਰਟੀ ਵਿਚ ਜੀ ਆਇਆਂ ਕਹਿੰਦਿਆਂ ਬਾਦਲ ਨੇ ਇਹਨਾਂ ਨੁੰ ਪੂਰ ਮਾਣ ਸਤਿਕਾਰ ਤੇ ਜ਼ਿੰਮੇਵਾਰੀਆਂ ਦੇਣ ਦਾ ਭਰੋਸਾ ਦੁਆਇਆ।