ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸਕੂਲ 17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹ ਰਹੇ ਹਨ। ਇਹ ਜਾਣਕਾਰੀ ਪ੍ਰੀਮੀਅਰ ਡੱਗ ਫੋਰਡ ਦੇ ਬੁਲਾਰੇ ਵੱਲੋਂ ਦਿੱਤੀ ਗਈ ਹੈ। ਪਹਿਲਾਂ ਪ੍ਰੋਵਿੰਸ ਵਿੱਚ ਸਕੂਲ 3 ਜਨਵਰੀ ਤੋਂ ਖੁੱਲ੍ਹਣੇ ਸਨ ਪਰ ਸਰਕਾਰ ਨੇ ਤੇਜ਼ੀ ਨਾਲ ਫੈਲ ਰਹੇ Omicron ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਖੋਲ੍ਹਣ ਦੀ ਤਰੀਕ ਮੁਲਤਵੀ ਕਰਕੇ 5 ਜਨਵਰੀ ਕਰ ਦਿੱਤੀ ਸੀ।
ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਦੋ ਵਾਧੂ ਦਿਨ ਮਿਲ ਜਾਣ ਨਾਲ ਉਹ ਸਾਰੇ ਸਟਾਫ ਨੂੰ ਐਨ 95 ਮਾਸਕਸ ਮੁਹੱਈਆ ਕਰਵਾ ਸਕਣਗੇ ਤੇ 3000 ਹਰ ਹੈਪਾ ਫਿਲਟਰ ਯੂਨਿਟਸ ਲਾ ਸਕਣਗੇ। ਪਰ ਪਿਛਲੇ ਹਫਤੇ ਸਰਕਾਰ ਨੇ ਐਲਾਨ ਕੀਤਾ ਸੀ ਕਿ ਘੱਟੋ-ਘੱਟ 17 ਜਨਵਰੀ ਤੱਕ ਵਿਦਿਆਰਥੀ ਘਰਾਂ ਤੋਂ ਹੀ ਪੜ੍ਹਾਈ ਕਰਨਗੇ। ਹੁਣ ਸੋਮਵਾਰ ਨੂੰ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਐਲਾਨ ਕੀਤਾ ਕਿ ਰਿਟਾਇਰ ਹੋ ਚੁੱਕੇ ਓਨਟਾਰੀਓ ਦੇ ਐਜੂਕੇਟਰਜ਼ ਨੂੰ ਸਟਾਫ ਦੀ ਘਾਟ ਕਾਰਨ ਇਸ ਸਕੂਲ ਵਰ੍ਹੇ ਹੋਰ ਦਿਨਾਂ ਲਈ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਓਨਟਾਰੀਓ ਟੀਚਰਜ਼ ਫੈਡਰੇਸ਼ਨ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਹੈ, ਜਿਸ ਸਦਕਾ ਹਜ਼ਾਰਾਂ ਕੁਆਲੀਫਾਈਡ ਐਜੂਕੇਟਰਜ਼ ਸਕੂਲਾਂ ਨੂੰ ਖੋਲ੍ਹਣ ਤੇ ਸੇਫ ਰੱਖਣ ਵਿੱਚ ਮਦਦ ਕਰਨਗੇ।