ਨਿਊਜ਼ ਡੈਸਕ: ਉੱਘੀ ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ ਕੋਰੋਨਾ ਦੀ ਲਪੇਟ ‘ਚ ਆ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਲਤਾ ਮੰਗੇਸ਼ਕਰ ਆਈਸੀਯੂ `ਚ ਜ਼ੇਰੇ ਇਲਾਜ ਹਨ।
ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣ ਦਾ ਫੈਸਲਾ ਕੀਤਾ ਗਿਆ। ਲਤਾ ਮੰਗੇਸ਼ਕਰ ਦੀ ਭਤੀਜੀ ਰਚਨਾ ਨੇ ਉਨ੍ਹਾਂ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਤਾ ਮੰਗੇਸ਼ਕਰ ‘ਚ ਕੋਰੋਨਾ ਦੇ ਲੱਛਣ ਘੱਟ ਪਾਏ ਗਏ ਹਨ। ਹਸਪਤਾਲ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਲਤਾ ਮੰਗੇਸ਼ਕਰ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।
ਲਤਾ ਮੰਗੇਸ਼ਕਰ ਦੇ ਕੋਰੋਨਾ ਹੋਣ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸਣੇ ਪ੍ਰਸ਼ੰਸਕ ਲਤਾ ਮੰਗੇਸ਼ਕਰ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ। ਮੰਗੇਸ਼ਕਰ ਨੇ ਬੀਤੇ ਸਾਲ ਸਤੰਬਰ ਵਿੱਚ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨਾਲ ਆਪਣਾ 92ਵਾਂ ਜਨਮਦਿਨ ਮਨਾਇਆ ਸੀ।