ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਹੈ ਕਿ ਵੀਜ਼ਾ ਦੀ ਉਡੀਕ ਦਾ ਸਮਾਂ ਘਟਾਉਣ ਲਈ ਅਗਲੇ ਸਾਲ ਤੋਂ ਐੱਚ-1ਬੀ ਤੇ ਕੁਝ ਹੋਰ ਗ਼ੈਰ-ਆਵਾਸ ਵੀਜ਼ਾ ਅਰਜ਼ੀਆਂ ਲਈ ਅਰਜ਼ੀਕਰਤਾ ਨੂੰ ਨਿੱਜੀ ਤੌਰ ’ਤੇ ਇੰਟਰਵਿਊ ਤੋਂ ਛੋਟ ਦਿੱਤੀ ਜਾਵੇਗੀ।
ਵਿਦੇਸ਼ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੌਂਸਲਰ ਅਧਿਕਾਰੀਆਂ ਨੂੰ ਆਰਜ਼ੀ ਤੌਰ ‘ਤੇ ਮਨਜ਼ੂਰੀ ਦਿੱਤੀ ਗਈ ਹੈ ਕਿ ਉਹ 31 ਦਸੰਬਰ, 2022 ਤਕ ਸ਼੍ਰੇਣੀਆਂ- ਐੱਚ-1ਬੀ ਵੀਜ਼ਾ, ਐੱਚ-3 ਵੀਜ਼ਾ, ਐੱਲ ਵੀਜ਼ਾ, ਓ ਵੀਜ਼ਾ ‘ਚ ਕੁਝ ਨਿੱਜੀ ਪਟੀਸ਼ਨ-ਆਧਾਰਤ ਗ਼ੈਰ-ਅਪਰਵਾਸੀ ਵਰਕ ਵੀਜ਼ਾ ਲਈ ਨਿੱਜੀ ਇੰਟਰਵਿਊ ਤੋਂ ਰਾਹਤ ਦੇਣਗੇ।
ਬਿਆਨ ਵਿਚ ਕਿਹਾ ਗਿਆ ਹੈ ਕਿ ਕੋਵਿਡ ਮਹਾਮਾਰੀ ਕਾਰਨ ਵਿਭਾਗ ਦੀ ਵੀਜ਼ਾ ਪ੍ਰੋਸੈਸਿੰਗ ਸਮਰੱਥਾ ’ਚ ਕਮੀ ਆਈ ਹੈ। ਹੁਣ ਜਿਵੇਂ-ਜਿਵੇਂ ਯਾਤਰਾ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ, ਵਿਦੇਸ਼ ਵਿਭਾਗ ਵੀਜ਼ਾ ਦੀ ਉਡੀਕ ਘਟਾਉਣ ਲਈ ਇਹ ਆਰਜ਼ੀ ਕਦਮ ਚੁੱਕ ਰਿਹਾ ਹੈ। ਹਾਲਾਂਕਿ ਇਸ ਦੌਰਾਨ ਅਮਰੀਕਾ ਆਪਣੀ ਕੌਮੀ ਸੁਰੱਖਿਆ ਦਾ ਪੂਰਾ ਖਿਆਲ ਰੱਖੇਗਾ।