ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ‘ਤੇ ਟਿੱਪਣੀ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੇ ਬਦਲਾਖੋਰੀ ਨੀਤੀ ਤਹਿਤ ਕੇਸ ਦਰਜ ਕੀਤਾ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅਕਾਲੀ ਆਗੂਆਂ ਤੇ ਕੇਸ ਦਰਜ ਕੀਤੇ ਜਾਣਗੇ, ਇਸੇ ਲਈ ਪੰਜਾਬ ਸਰਕਾਰ ਨੇ ਪਿਛਲੇ ਕੁੱਝ ਸਮੇਂ ਵਿਚ ਹੀ ਤਿੰਨ ਡੀ. ਜੀ. ਪੀ. ਬਦਲ ਦਿੱਤੇ, ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਇੰਨੇ ਘੱਟ ਸਮੇਂ ਵਿਚ ਤਿੰਨ ਡੀ. ਜੀ. ਪੀ. ਬਦਲੇ ਗਏ ਹੋਣ। ਇਹ ਸਿਰਫ ਇਸ ਕਰਕੇ ਕਿਉਂਕਿ ਬਾਦਲਾਂ ਅਤੇ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।
ਬਾਦਲ ਨੇ ਕਿਹਾ ਕਿ ਪਹਿਲੇ ਅਫ਼ਸਰਾਂ ਨੇ ਕਹਿ ਦਿੱਤਾ ਕਿ ਅਸੀਂ ਬਿਨਾਂ ਕਾਰਨ ਕਿਸੇ ’ਤੇ ਕਾਰਵਾਈ ਨਹੀਂ ਕਰ ਸਕਦੇ, ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਨਵਾਂ ਡੀ.ਜੀ.ਪੀ. ਲਗਾਉਣਾ ਪਿਆ। ਉਨ੍ਹਾਂ ਕਿਹਾ ਕਾਂਗਰਸ ਹਰ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ‘ਮੇਰੇ ’ਤੇ ਵੀ ਅਜਿਹੇ ਸੈਂਕੜੇ ਪਰਚੇ ਦਰਜ ਕੀਤੇ ਗਏ, ਇਥੋਂ ਤਕ ਉਨ੍ਹਾਂ ਦੀ ਪਤਨੀ ’ਤੇ ਵੀ ਪਰਚਾ ਦਰਜ ਕੀਤਾ ਗਿਆ ਸੀ। ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਿਸੇ ਕਾਂਗਰਸੀ ’ਤੇ ਬਦਲਾਖੋਰੀ ਦੀ ਨੀਤੀ ਨਾਲ ਕਾਰਵਾਈ ਨਹੀਂ ਕੀਤੀ ਗਈ। ਸਰਕਾਰ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਨਾਂ ਕਿ ਬਦਲਾਖੋਰੀ ਦੀ ਨੀਤੀ ਨਾਲ ਕਾਰਵਾਈ ਕਰਨਾ।’