ਅੰਮ੍ਰਿਤਸਰ: ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਨੀਵਾਰ ਦੇਰ ਸ਼ਾਮ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੀ ਸਾਜ਼ਿਸ਼ ਦਾ ਨਤੀਜਾ ਦੱਸਿਆ ਹੈ।
ਗ੍ਰਹਿ ਮੰਤਰੀ ਨੇ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਮੁਲਜ਼ਮ ਸਵੇਰੇ 11 ਵਜੇ ਦੇ ਕਰੀਬ ਹੀ ਦਰਬਾਰ ਸਾਹਿਬ ਵਿੱਚ ਦਾਖ਼ਲ ਹੋ ਗਿਆ ਸੀ, ਲਗਭਗ 7 ਘੰਟੇ ਦੇ ਕਰੀਬ ਦਰਬਾਰ ਸਾਹਿਬ ਵਿੱਚ ਰਿਹਾ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਦੇਖਣ ਤੋਂ ਬਾਅਦ ਸਾਫ ਪਤਾ ਲੱਗਦਾ ਹੈ ਕਿ ਮੁਲਜ਼ਮ ਬੇਅਦਬੀ ਦੀ ਮਨਸ਼ਾ ਨਾਲ ਹੀ ਆਇਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਮੁਲਜ਼ਮ ਕੋਲੋਂ ਨਾਂ ਤਾਂ ਕੋਈ ਮੋਬਾਇਲ ਬਰਾਮਦ ਹੋਇਆ ਹੈ ਅਤੇ ਨਾਂ ਹੀ ਕੋਈ ਆਈ.ਡੀ. ਪਰੂਫ ਬਰਾਮਦ ਹੋਇਆ ਜਿਸ ਨਾਲ ਉਸ ਦੀ ਸ਼ਨਾਖਤ ਕੀਤੀ ਜਾ ਸਕੇ।
ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਲਗਭਗ 7 ਘੰਟੇ ਪਹਿਲਾਂ ਹੀ ਦਰਬਾਰ ਸਾਹਿਬ ਵਿੱਚ ਦਾਖਲ ਹੋਇਆ ਸੀ, ਇਸ ਦੌਰਾਨ ਉਸ ਨੇ ਸਾਰੇ ਕੰਪਲੈਕਸ ਦੀ ਜਾਂਚ ਕੀਤੀ ਅਤੇ ਸ਼ਾਮ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਇੱਕ ਵਿਅਕਤੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਗੁਟਕਾ ਸਾਹਿਬ ਸੁੱਟ ਕੇ ਬੇਅਦਬੀ ਕੀਤੀ ਗਈ ਸੀ, ਜਿਸ ਨੂੰ ਸੇਵਾਦਾਰਾਂ ਨੇ ਕਾਬੂ ਕਰ ਲਿਆ ਸੀ, ਇਹ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਵਿੱਚ ਹੈ ਅਤੇ ਪੁਲਿਸ ਕੋਲ ਉਸ ਦੀ ਪੂਰੀ ਜਾਣਕਾਰੀ ਹੈ। ਫਿਲਹਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਬਾਬਤ ਡੀ.ਐੱਸ.ਜੀ.ਐੱਮ.ਸੀ. ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਉਨਾਂ ਕਿਹਾ ਇਸ ਮਾਮਲੇ ‘ਤੇ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਕੀਤੀ ਹੈ।